ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਇੱਕ ਫੈਕਟਰੀ ਦਾ ਕੀਤਾ ਪਰਦਾਫਾਸ਼

ਪੰਜਾਬ : ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਸਪਲਾਈ ਦੀ ਲੜੀ ਨੂੰ ਤੋੜ ਕੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਟ੍ਰਾਮਾਡੋਲ ਗੋਲੀਆਂ ਦੀ ਸਪਲਾਈ ਲੜੀ ਦੀ ਇਹ ਪੂਰੀ ਕਾਰਵਾਈ ਸਿਰਫ਼ 35 ਗੋਲੀਆਂ ਦੀ ਬਰਾਮਦਗੀ ਨਾਲ ਸ਼ੁਰੂ ਹੋਈ, ਜੋ ਕਿ ਉਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਿਰਮਾਣ ਯੂਨਿਟ ਤੱਕ ਪਹੁੰਚੀ।ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵਿੱਟਰ ‘ਤੇ ਇਸ ਮਾਮਲੇ ਨਾਲ ਸਬੰਧਤ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਖੁਲਾਸੇ ਅਤੇ ਛਾਪਿਆਂ ਦੇ ਆਧਾਰ ‘ਤੇ, ਪੁਲਿਸ ਨੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਇੱਕ ਕੈਮਿਸਟ, ਵਿਤਰਕ ਅਤੇ ਪਲਾਂਟ ਮੁਖੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੁਆਰਾ ਕੀਤੀ ਗਈ ਕੁੱਲ ਬਰਾਮਦਗੀ ਵਿੱਚ 70,000 ਤੋਂ ਵੱਧ ਟ੍ਰਾਮਾਡੋਲ ਗੋਲੀਆਂ, 7.65 ਲੱਖ ਰੁਪਏ ਨਕਦ ਅਤੇ 325 ਕਿਲੋਗ੍ਰਾਮ ਕੱਚਾ ਮਾਲ (ਟਰਾਮਾਡੋਲ) ਸ਼ਾਮਲ ਹੈ। ਜ਼ਬਤ ਕੀਤੀਆਂ ਗੋਲੀਆਂ ‘ਤੇ “ਸਰਕਾਰੀ ਸਪਲਾਈ ਸਿਰਫ਼ – ਵਿਕਰੀ ਲਈ ਨਹੀਂ” ਲਿਖਿਆ ਹੋਇਆ ਸੀ, ਜੋ ਮੈਡੀਕਲ ਸਟਾਕ ਦੀ ਗੈਰ-ਕਾਨੂੰਨੀ ਵਰਤੋਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਵੱਡੀਆਂ ਫਾਰਮਾਸਿਊਟੀਕਲ ਇਕਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ।