ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਅਹਿਮ ਕਦਮ, ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਲਗਾਈ ਪਾਬੰਦੀ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਦੁਕਾਨਦਾਰਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੱਖ ਸੜਕ ਨੂੰ ਸਾਫ਼-ਸੁਥਰਾ ਅਤੇ ਆਕਰਸ਼ਕ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਡੀ.ਸੀ ਸਾਕਸ਼ੀ ਸਾਹਨੀ ਨੇ ਹੈਰੀਟੇਜ ਸਟਰੀਟ ਦਾ ਦੌਰਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਲਈ ਇਲਾਕੇ ਦੇ ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ।ਇਸ ਦੌਰਾਨ ਡੀ.ਸੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹਦਾਇਤਾਂ ਵਿੱਚ ਨਾ ਸਿਰਫ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ, ਸਗੋਂ ਨਾਜਾਇਜ਼ ਕਬਜ਼ੇ ਹਟਾਉਣ, ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਆਕਰਸ਼ਕ ਢਾਂਚੇ ਬਣਾਉਣ ਨੂੰ ਵੀ ਤਰਜੀਹ ਦਿੱਤੀ ਗਈ ਹੈ।ਇਸ ਦੇ ਨਾਲ ਹੀ ਪੁਰਾਣੀ ਸਬਜ਼ੀ ਮੰਡੀ ਵਿੱਚ ਪਏ ਮਲਬੇ ਨੂੰ ਹਟਾ ਕੇ ਪਾਰਕਿੰਗ ਲਈ ਜਗ੍ਹਾ ਬਣਾਉਣ, ਮੂਰਤੀਆਂ ਦੇ ਨੇੜੇ ਤੋਂ ਡਸਟਬਿਨ ਹਟਾਉਣ, ਧਰਮ ਸਿੰਘ ਮਾਰਕੀਟ ਦੇ ਬਾਹਰ ਫੁਹਾਰਾ ਅਤੇ ਰੋਸ਼ਨੀ ਦਾ ਪ੍ਰਬੰਧ ਕਰਨ, ਟਾਊਨ ਹਾਲ ਦੇ ਬਗੀਚੇ ਦੀ ਦੇਖਭਾਲ ਕਰਨ ਅਤੇ ਵਾਟਰ ਏਟੀਐਮ ਦੀ ਨਿਯਮਤ ਤੌਰ ‘ਤੇ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਗੂਗਲ ਫਾਰਮ ਰਾਹੀਂ ਫੀਡਬੈਕ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡੀਸੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ੁੱਧਤਾ ਅਤੇ ਸਫਾਈ ਨਾਲ ਭਰਪੂਰ ਵਾਤਾਵਰਣ ਮਿਲੇਗਾ।