ਸਿੱਧੂ ਮੂਸੇਵਾਲਾ ਦੀ ਮਾਤਾ ਦੇ ਕੀਤੇ ਗਏ ਫਰਜ਼ੀ ਦਸਤਖਤ, ਲਗਵਾਈ ਪੈਨਸ਼ਨ

ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubdeep Singh Sidhu Moosewala) ਦੀ ਮਾਂ ਚਰਨ ਕੌਰ ਦੇ ਫਰਜ਼ੀ ਦਸਤਖਤ ਅਤੇ ਮੋਹਰ ਲਗਾ ਕੇ ਨਾਮਾਲੂਮ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਤਾ ਚਰਨ ਕੌਰ ਪਿੰਡ ਮੂਸਾ ਦੇ ਸਰਪੰਚ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ।ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦ ਜਾਅਲੀ ਦਸਤਖਤਾਂ ਤੇ ਜਾਅਲੀ ਮੋਹਰ ਲਗਾਏ ਹੋਏ ਪੈਨਸ਼ਨ ਦੇ ਕਾਗਜ਼ਾਤ ਤਿਆਰ ਕੀਤੇ ਹੋਏ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ ‘ਚ ਪੁੱਜੇ। ਇਨ੍ਹਾਂ ਕਾਗਜ਼ਾਤਾਂ ‘ਚ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦਾ ਨਾਂਅ ਲਿਖ ਕੇ ਫਾਰਮ ਭਰੇ ਗਏ ਸਨ। ਇਨ੍ਹਾਂ ‘ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾਈ ਗਈ ਸੀ।ਮੂਸੇਵਾਲਾ ਦੀ ਮਾਂ ਚਰਨ ਕੌਰ ਤੋਂ ਪਤਾ ਲੱਗਿਆ ਕਿ ਸਰਪੰਚ ਦੀ ਮੋਹਰ ਅਤੇ ਦਸਤਖਤ ਜਾਅਲੀ ਹਨ। ਇਸ ਦੇ ਬਾਅਦ ਜਾਂਚ ‘ਚ ਪਤਾ ਲੱਗਾ ਕਿ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ, ਫੋਟੋ ਤਬਦੀਲ ਕਰ ਕੇ, ਉਸ ਦੇ ਬੈਂਕ ਖਾਤੇ ਦੇ ਨੰਬਰ ਨਾਲ ਛੇੜਛਾੜ ਕਰਨ ਤੋਂ ਇਲਾਵਾ ਜਾਅਲੀ ਸ਼ਨਾਖਤੀ ਕਾਰਡ ਅਤੇ ਚੀਫ ਮੈਡੀਕਲ ਅਫਸਰ ਕੋਲੋਂ ਜਾਅਲੀ ਅੰਗਹੀਣ ਆਈਡੀ ਬਣਵਾ ਕੇ ਪੈਨਸ਼ਨ ਲਈ ਫਾਰਮ ਭਰੇ ਸਨ।