ਸ਼ੰਭੂ ਬਾਰਡਰ ‘ਤੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਛੱਡੇ ਅੱਥਰੂ ਗੈਸ ਦੇ ਗੋਲੇ
ਚੰਡੀਗੜ੍ਹ: ਪੰਜਾਬ ਦੇ ਕਿਸਾਨ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਸ਼ੰਭੂ ਬਾਰਡਰ (Shambhu border) ‘ਤੇ ਕਿਸਾਨ ਅਤੇ ਹਰਿਆਣਾ ਪੁਲਿਸ ਆਹਮੋ-ਸਾਹਮਣੇ ਹੋ ਗਏ ਹਨ। ਜਿਵੇਂ ਹੀ ਲੋਕਾਂ ਨੇ ਪੁਲਿਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਦਿੱਤੇ। ਇਸ ਤੋਂ ਬਾਅਦ ਲੋਕਾਂ ਵਿੱਚ ਭਗਦੜ ਮੱਚ ਗਈ ਅਤੇ ਉਹ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।ਦੱਸ ਦਈਏ ਕਿ ਸੋਮਵਾਰ ਰਾਤ ਕਿਸਾਨ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਗੱਲਬਾਤ ਦਾ ਆਖਰੀ ਦੌਰ ਬੇਸਿੱਟਾ ਰਿਹਾ, ਜਿਸ ਤੋਂ ਬਾਅਦ ਮੰਗਲਵਾਰ ਯਾਨੀ ਅੱਜ 200 ਤੋਂ ਜ਼ਿਆਦਾ ਕਿਸਾਨ ਸੰਗਠਨ ਦਿੱਲੀ ਵੱਲ ਵਧ ਰਹੇ ਹਨ। ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਠਾਏ ਗਏ ਜ਼ਿਆਦਾਤਰ ਮੁੱਦਿਆਂ ‘ਤੇ ਸਹਿਮਤੀ ਬਣ ਗਈ ਹੈ ਅਤੇ ਸਰਕਾਰ ਨੇ ਹੋਰ ਮੁੱਦਿਆਂ ਦੇ ਹੱਲ ਲਈ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਕਈ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਦੇ ਟਵਿਟਰ ਅਤੇ ਸੋਸ਼ਲ ਮੀਡੀਆ ਹੈਂਡਲ ਬੰਦ ਕਰ ਦਿੱਤੇ ਗਏ ਹਨ।