6 ਸਾਲਾ ਉਦੈਵੀਰ ਦਾ ਕਤਲ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ

ਮਾਨਸਾ: ਮਾਨਸਾ (Mansa) ਦੇ ਪਿੰਡ ਕੋਟਲੀ ਕਲਾ ਵਿੱਚ 6 ਸਾਲਾ ਬੱਚੇ ਉਦੈਵੀਰ (Udayveer) ਦੇ ਕਤਲ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਨਸਾ ਪੁਲਿਸ ਨੇ ਉਦੈਵੀਰ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 3 ਦੋਸ਼ੀਆਂ ‘ਚੋਂ 2 ਸਗੇ ਭਰਾ ਹਨ।ਮੁਲਜ਼ਮਾਂ ਖ਼ਿਲਾਫ਼ ਧਾਰਾ 302, 307 ਅਤੇ ਕਈ ਹੋਰ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਦੌਰਾਨ ਵਰਤੀ ਗਈ ਦੇਸੀ ਪਿਸਤੌਲ ਵੀ ਬਰਾਮਦ ਕਰ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਦੁਸ਼ਮਣੀ ਕਾਰਨ ਬੱਚੇ ਦੇ ਪਿਤਾ ਦਾ ਕਤਲ ਕਰਨ ਆਏ ਸਨ ਪਰ ਗਲਤੀ ਨਾਲ ਗੋਲੀ ਉਦੈਵੀਰ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਬੀਤੀ ਦਿਨ 8 ਵਜੇ 6 ਸਾਲਾ ਮਾਸੂਮ ਉਦੈਵੀਰ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ ਭੈਣ ਨਵਸੀਰਤ ਦਾ ਹੱਥ ਫੜ ਕੇ ਗਲੀ ‘ਚ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰਦੇ ਹੋਏ ਉਕਤ ਮੋਟਰਸਾਈਕਲ ਸਵਾਰਾਂ ਨੇ ਅੱਗੇ ਜਾ ਕੇ ਜਸਪ੍ਰੀਤ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਗੋਲੀ ਉਦੈਵੀਰ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ।