ਕੈਨੇਡਾ ਬੈਠੇ ਗੈਂਗਸਟਰ ਲੰਡਾ ਨੇ ਸਾਬਕਾ ਸਰਪੰਚ ਤੋਂ ਮੰਗੀ 1 ਕਰੋੜ ਦੀ ਫਿਰੌਤੀ

ਤਰਨਤਾਰਨ : ਕੈਨੇਡਾ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ (Gangster Lakhbir Singh Landa) ਦੇ ਨਾਂ ‘ਤੇ ਕਾਰੋਬਾਰੀਆਂ ਅਤੇ ਸਿਆਸੀ ਲੋਕਾਂ ਤੋਂ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਲੰਡਾ ਵੱਲੋਂ ਸਾਬਕਾ ਸਰਪੰਚ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ।ਥਾਣਾ ਸਦਰ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਬੁੱਗਾ ਦੇ ਵਸਨੀਕ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 15 ਜਨਵਰੀ ਨੂੰ ਉਸ ਦੇ ਮੋਬਾਈਲ ’ਤੇ ਕਿਸੇ ਨੇ ਫੋਨ ਕੀਤਾ। ਫੋਨ ਕਰਨ ਵਾਲੇ ਨੇ ਆਪਣਾ ਨਾਂ ਲਖਬੀਰ ਸਿੰਘ ਲੰਡਾ ਦੱਸਿਆ।ਲੰਡਾ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਡਰ ਦੇ ਮਾਰੇ ਉਸ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ। 19 ਜਨਵਰੀ ਨੂੰ ਫਿਰ ਮੋਬਾਈਲ ‘ਤੇ ਕਾਲ ਆਈ। ਫਿਰ ਫੋਨ ਕਰਨ ‘ਤੇ ਲੰਡੇ ਨੇ ਫਿਰੌਤੀ ਦੀ ਮੰਗ ਕੀਤੀ। ਲੰਡਾ ਨੇ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਦੀ ਰਕਮ ਨਾ ਮਿਲੀ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਗੁਰਚਰਨ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ।