ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਦਿੱਤਾ ਨਵਾਂ ਹੁਕਮ, ਜਾਰੀ ਕੀਤੇ ਇਹ ਹੁਕਮ

ਲੁਧਿਆਣਾ : ਸਕੂਲ ਸਿੱਖਿਆ ਵਿਭਾਗ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ ਸਿੱਖਿਆ) ਨੂੰ ਵਿਦਿਆਰਥੀਆਂ ਨੂੰ ਵਿਦਿਅਕ ਟੂਰ (Educational tour) ‘ਤੇ ਲਿਜਾਣ ਲਈ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਅਨੁਸਾਰ ਵਿੱਦਿਅਕ ਟੂਰ ‘ਤੇ ਵਿਦਿਆਰਥੀਆਂ ਨੂੰ ਲੈ ਕੇ ਜਾਣ ਤੋਂ ਪਹਿਲਾਂ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਇਜਾਜ਼ਤ ਲੈਣੀ ਪਵੇਗੀ ਅਤੇ ਸਕੂਲ ਮੁਖੀ ਵੱਲੋਂ ਵਿੱਦਿਅਕ ਟੂਰ ‘ਤੇ ਲਿਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖਤੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ।ਸਕੂਲ ਮੁਖੀ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਵਿਦਿਅਕ ਟੂਰ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸਬੰਧਤ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਕਰੇ। ਵਿਭਾਗ ਨੇ ਕਿਹਾ ਹੈ ਕਿ ਟੂਰ ‘ਤੇ ਜਾਣ ਵਾਲੇ ਹਰੇਕ ਵਿਦਿਆਰਥੀ ਕੋਲ ਇੱਕ ਪਛਾਣ ਪੱਤਰ ਹੋਣਾ ਲਾਜ਼ਮੀ ਹੈ ਅਤੇ ਸਕੂਲ ਮੁਖੀ ਵੱਲੋਂ ਇੱਕ ਪ੍ਰੋਫਾਰਮਾ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਵਿਦਿਆਰਥੀਆਂ ਦੇ ਪੂਰੇ ਵੇਰਵੇ ਜਿਵੇਂ ਕਿ ਮਾਪਿਆਂ ਦਾ ਨਾਮ, ਘਰ ਦਾ ਪਤਾ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਲਿਖਿਆ ਹੋਵੇਗਾ ਅਤੇ ਇਸ ਬਿਆਨ ਦੀ ਕਾਪੀ ਵਿਦਿਅਕ ਟੂਰ ‘ਤੇ ਜਾਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਕੋਲ ਵੀ ਹੋਵੇਗੀ।