PGKRM ਵੱਲੋਂ ਨਰਸਾਂ ਨੂੰ ਰੈਸਪੀਰੇਸ਼ਨ ਥੈਰੇਪਿਸਟ ਵਜੋਂ ਏਮਜ਼ ਬਠਿੰਡਾ ਵਿਖੇ ਦਿੱਤੀ ਜਾਏਗੀ ਸਿਖਲਾਈ

ਚੰਡੀਗੜ੍ਹ : ਪੰਜਾਬ ਹੁਨਰ ਵਿਕਾਸ ਮਿਸ਼ਨ (PSDM), ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ (ਏਮਜ਼) ਅਤੇ ਪੰਜਾਬ ਘਰ-ਘਰ ਰੁਜ਼ਗਾਰ ਅਤੇ ਕਰੋਬਾਰ ਮਿਸ਼ਨ (PGRKM) ਵੱਲੋਂ 200 ਨਰਸਾਂ ਨੂੰ ਰੈਸਪੀਰੇਸ਼ਨ ਥੈਰੇਪਿਸਟ ਦੇ ਤੌਰ ‘ਤੇ ਮਾਸਟਰ ਟ੍ਰੇਨਰਾਂ ਵਜੋਂ ਸਿਖਲਾਈ ਦੇਣ ਲਈ ਏਮਜ਼ ਬਠਿੰਡਾ ਵਿਖੇ ਇਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਤਿੰਨ-ਧਿਰੀ ਸਮਝੌਤਾ ਸਹੀਬੰਦ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਤਿੰਨ ਮਹੀਨਿਆਂ ਦੀ ਰਿਹਾਇਸ਼ੀ ਸਿਖਲਾਈ ਹੋਵੇਗੀ, ਜਿਸ ਵਿਚ ਨਰਸਾਂ ਨੂੰ ਅਤੇ ਪ੍ਰਮਾਣਿਤ ਕੀਤਾ ਜਾਵੇਗਾ। ਇਹਨਾਂ ਨਰਸਾਂ ਨੂੰ ਪੀ.ਜੀ.ਆਰ.ਕੇ.ਐਮ. ਵੱਲੋਂ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਹ ਨਰਸਾਂ ਹਸਪਤਾਲਾਂ ਵਿੱਚ ਸੇਵਾਵਾਂ ਨਿਭਾਉਣਗੀਆਂ ਅਤੇ ਸਮਾਂ ਆਉਣ ‘ਤੇ ਮਾਸਟਰ ਟ੍ਰੇਨਰ ਵਜੋਂ ਹੋਰ ਨਰਸਾਂ ਨੂੰ ਸਿਖਲਾਈ ਦੇਣਗੀਆਂ। ਇਸ ਸੈਂਟਰ ਆਫ਼ ਐਕਸੀਲੈਂਸ ਨੂੰ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਸਕੰਲਪ ਪ੍ਰੋਜੈਕਟ ਤਹਿਤ ਪੀ.ਐਸ.ਡੀ.ਐਮ. ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਏਮਜ਼ ਬਠਿੰਡਾ ਵੱਲੋਂ ਇਮਾਰਤ, ਸਿਵਲ ਬੁਨਿਆਦੀ ਢਾਂਚਾ, ਬਿਹਤਰੀਨ ਟ੍ਰੇਨਰ, ਵੈਂਟੀਲੇਟਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਆਈ.ਸੀ.ਯੂ ਅਤੇ ਐਚ.ਡੀ.ਯੂ ਵਿੱਚ ਕੰਮ ਕਰਨ ਦਾ ਤਜ਼ਰਬਾ ਵੀ ਕਰਵਾਇਆ ਜਾਵੇਗਾ।ਇਸ ਸਮਝੌਤੇ ਨੂੰ ਸਹੀਬੱਧ ਕਰਨ ਸਬੰਧੀ ਵਰਚੁਅਲ ਸਮਾਗਮ ਦੌਰਾਨ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਡੀ.ਕੇ. ਸਿੰਘ ਨੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨਾਲ ਸਮਝੌਤੇ ਦਾ ਆਦਾਨ-ਪ੍ਰਦਾਨ ਕੀਤਾ। ਇਸ ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਸ੍ਰੀ ਪਰਮਵੀਰ ਸਿੰਘ (ਆਈ.ਏ.ਐੱਸ.) ਵੀ ਮੌਜੂਦ ਸਨ।ਰੁਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਸ੍ਰੀ ਹਰਪ੍ਰੀਤ ਸੂਦਨ ਨੇ ਦੱਸਿਆ ਕਿ ਹੁਨਰ ਸਿਖਲਾਈ ਲਈ ਕਿਸੇ ਵੀ ਹੁਨਰ ਵਿਕਾਸ ਮਿਸ਼ਨ ਵੱਲੋਂ ਕਿਸੇ ਵੀ ਏਮਜ਼ ਨਾਲ ਕੀਤਾ ਗਿਆ ਆਪਣੀ ਕਿਸਮ ਦਾ ਇਹ ਪਹਿਲਾ ਸਮਝੌਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਝੌਤਾ ਈਕੋਸਿਸਟਮ ਵਿਚ ਨਵਾਂ ਤਾਲਮੇਲ ਸਥਾਪਤ ਕਰੇਗਾ ਅਤੇ ਪੰਜਾਬ ਦੀਆਂ ਨਰਸਾਂ ਨੂੰ ਸਿਹਤ ਦੇ ਖੇਤਰ ਵਿਚ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨਾਲੋਜੀਆਂ ਨਾਲ ਸਿਖਲਾਈ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰੇਗਾ। ਪ੍ਰੋ. ਡੀ.ਕੇ. ਸਿੰਘ ਨੇ ਦੱਸਿਆ ਕਿ ਇਕ ਪ੍ਰਮੁੱਖ ਸੰਸਥਾ ਵਜੋਂ ਏਮਜ਼ ਸਿਹਤ ਖੇਤਰ ਵਿੱਚ ਉੱਤਮ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਸੈਂਟਰ ਆਫ਼ ਐਕਸੀਲੈਂਸ ਨਰਸਾਂ ਦੀ ਹੁਨਰ ਸਿਖਲਾਈ ਲਈ ਨਵੀ ਮਿਸਾਲ ਕਾਇਮ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਰੋਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਕਵਲਜੀਤ ਸਿੰਘ ਕੌੜਾ, ਉੱਘੇ ਡਾਕਟਰਾਂ ਦੀ ਇਕ ਟੀਮ ਮੌਜੂਦ ਸੀ ਜਿਸ ਵਿੱਚ ਪ੍ਰੋ. ਕਰਨਲ ਸਤੀਸ਼ ਗੁਪਤਾ, ਪ੍ਰੋ. ਕਰਨਲ ਦੇਵੇਂਦਰ ਰਾਵਤ, ਪ੍ਰੋ. ਐਲ. ਗੋਇਲ ਅਤੇ ਪ੍ਰੋ. ਅਖਿਲੇਸ਼ ਪਾਠਕ ਸ਼ਾਮਲ ਸਨ।