ਬੀ.ਬੀ.ਐਮ.ਬੀ. ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਨਿਰਦੇਸ਼
ਹੁਸ਼ਿਆਰਪੁਰ : ਹਿਮਾਚਲ ਪ੍ਰਦੇਸ਼ ਲਗਾਤਾਰ ਪੈ ਰਹੇ ਮੀਂਹ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ। ਸਥਿਤੀ ਨੂੰ ਦੇਖਦੇ ਹੋਏ, ਨਹਿਰੀ ਵਿਭਾਗ ਨੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਇੱਕ ਪੂਰਵ ਚੇਤਾਵਨੀ (ਅਲਰਟ) ਜਾਰੀ ਕੀਤੀ ਹੈ। ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਇੱਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਹ ਪੱਤਰ ਬੀ.ਬੀ.ਐਮ.ਬੀ. (ਭਾਖੜਾ ਬਿਆਸ ਪ੍ਰਬੰਧਨ ਬੋਰਡ) ਦੀਆਂ ਹਦਾਇਤਾਂ ਦੇ ਆਧਾਰ ‘ਤੇ ਜਾਰੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ, ਪੱਤਰ ਵਿੱਚ, ਬੀ.ਬੀ.ਐਮ.ਬੀ. ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਪੌਂਗ ਡੈਮ ਝੀਲ ਦਾ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਹੋਰ ਵੱਧ ਸਕਦਾ ਹੈ। ਇਸ ਸਮੇਂ, ਡੈਮ ਦਾ ਪਾਣੀ ਦਾ ਪੱਧਰ 1320.40 ਫੁੱਟ ਤੱਕ ਪਹੁੰਚ ਗਿਆ ਹੈ। ਡੈਮ ਖੇਤਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਅਜਿਹੀ ਸਥਿਤੀ ਵਿੱਚ, ਡੈਮ ਤੋਂ ਸ਼ਾਹ ਨਹਿਰ ਬੈਰਾਜ ਅਤੇ ਅੱਗੇ ਬਿਆਸ ਦਰਿਆ ਵਿੱਚ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਹੈ।ਇਸ ਸੰਭਾਵਿਤ ਖਤਰੇ ਨੂੰ ਦੇਖਦਿਆਂ ਬੀਬੀਐਮਬੀ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਨਹਿਰੀ ਵਿਭਾਗ ਨੇ ਪੋਂਗ ਡੈਮ ਦੇ ਅਧੀਨ ਆਉਣ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ (ਪੰਜਾਬ) ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕਾਂਗੜਾ ਦੇ ਡਿਪਟੀ ਕਮਿਸ਼ਨਰ, ਐਸ.ਡੀ.ਐਮ (ਮੁਕੈਰਿਆਂ, ਦਸੂਹਾ, ਜਵਾਲੀ, ਨੂਰਪੁਰ, ਫ਼ਤਿਹਪੁਰ, ਇੰਦੌਰਾ) ਅਤੇ ਸੰਬੰਧਤ ਥਾਣਾ ਪ੍ਰਭਾਰੀਆਂ ਨੂੰ ਪਹਿਲਾਂ ਹੀ ਤਿਆਰੀਆਂ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।