ਪੰਚਕੂਲਾ : ਨਾਬਾਲਗ ਬੱਚੀ ਦੇ ਕਤਲ ਕੇਸ ‘ਚ ਆਇਆ ਨਵਾਂ ਮੋੜ

ਪੰਚਕੂਲਾ : ਪੰਚਕੂਲਾ ਚ ਲਗਾਤਾਰ ਅਪਰਾਧ ਵਧਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਪੰਚਕੂਲਾ ਸਥਿਤ ਬੰਦਰ ਘਾਟੀ ਜੰਗਲਾਂ ਦੀ ਖਾਈ ਵਿਚੋਂ 12 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਅੱਜ ਉਸ ਦੇ ਪਿਤਾ ਦੀ ਵੀ ਲਾਸ਼ ਜ਼ੀਰਕਪੁਰ ਰੇਲਵੇ ਟਰੈਕ ਤੋਂ ਬਰਾਮਦ ਕੀਤੀ ਗਈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਪਣੇ ਪਿਤਾ ਨਾਲ ਘੁੰਮਣ ਗਈ 12 ਸਾਲਾਂ ਨਾਬਾਲਗ ਬੱਚੀ ਦੀ ਲਾਸ਼ ਪੰਚਕੂਲਾ ਸੈਕਟਰ 23 ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਸੀ ਅਤੇ ਬੱਚੀ ਦਾ ਪਿਤਾ ਵੀ ਉਸੇ ਦਿਨ ਤੋਂ ਹੀ ਗੁੰਮ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਬੱਚੀ ਦੇ ਕਤਲ ਕਰਨ ਦਾ ਸ਼ੱਕ ਪੁਲਿਸ ਵੱਲੋਂ ਬੱਚੀ ਦੇ ਪਿਤਾ ਤੇ ਕੀਤਾ ਜਾ ਰਿਹਾ ਸੀ ਕਿਉਂ ਕਿ ਬੱਚੀ ਦੇ ਸਰੀਰ ਉੱਪਰ ਕੁਝ ਜ਼ਖ਼ਮਾਂ ਦੇ ਨਿਸ਼ਾਨ ਸਨ, ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਸਰੀਰ ਦਾ ਕੁਝ ਹਿੱਸੇ ਤੇ ਨੀਲ ਪਾਏ ਹੋਏ ਸਨ।ਅੱਜ ਜ਼ੀਰਕਪੁਰ ਸਥਿਤ ਗਾਜ਼ੀਪੁਰ ਪਿੰਡ ਨੇੜਿਓਂ ਲੰਘਦੀ ਰੇਲਵੇ ਲਾਈਨ ਤੋਂ ਮ੍ਰਿਤਕ ਬੱਚੀ ਦੇ ਪਿਤਾ ਭੁਪਿੰਦਰ ਸਿੰਘ ਵਾਸੀ ਪਾਵਰ ਕਲੋਨੀ ਇੰਡਸਟ੍ਰੀਅਲ ਏਰੀਆ ਪੰਚਕੂਲਾ ਦੀ ਲਾਸ਼ ਬਰਾਮਦ ਹੋਣ ਨਾਲ ਬੱਚੀ ਦੇ ਕਤਲ ਕੇਸ ਦਾ ਮਾਮਲਾ ਹੋਰ ਵੀ ਗੁੰਝਲਦਾਰ ਹੋ ਗਿਆ ਹੈ ਪੰਚਕੂਲਾ ਪੁਲੀਸ ਅਤੇ ਰੇਲਵੇ ਪੁਲੀਸ ਸਾਂਝੇ ਤੌਰ ਤੇ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚੀ ਦੇ ਪਿਤਾ ਭੁਪਿੰਦਰ ਸਿੰਘ ਦਾ ਕਤਲ ਹੋਇਆ ਹੈ ਜਾਂ ਉਸ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦੀ ਲਾਸ਼ ਨੇੜਿਓਂ ਅੱਧੀ ਸ਼ਰਾਬ ਦੀ ਬੋਤਲ, ਪਾਣੀ ਅੱਧੀ ਬੋਤਲ, ਇਕ ਪਰਸ ਅਤੇ ਮੋਬਾਇਲ ਫੋਨ ਬਰਾਮਦ ਹੋਇਆ ਹੈ।ਇਸ ਤੋਂ ਇਲਾਵਾ ਪੰਚਕੂਲਾ ਸੈਕਟਰ 26 ਸਥਿਤ ਹਰਬਲ ਪਾਰਕ ਦੇ ਜੰਗਲਾਂ ਨੇੜਿਓਂ ਅੱਜ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਕਟਰ 25 ਪੰਚਕੂਲਾ ਦੇ ਚੌਕੀ ਇੰਚਾਰਜ ਗੁਲਾਬ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਕੱਪੜਿਆਂ ਦੇ ਆਧਾਰ ਤੇ ਉਸ ਦੀ ਸਨਾਖ਼ਤ ਸੈਕਟਰ 15 ਦੀ ਵਸਨੀਕ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਉਸ ਦਾ ਇਲਾਜ ਚੱਲਦਾ ਸੀ। ਮ੍ਰਿਤਕਾ ਹਰ ਐਤਵਾਰ ਨਾਢਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਜਾਂਦੀ ਹੁੰਦੀ ਸੀ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।