ਤੀਜਾ ਘੱਲੂਘਾਰਾ 6 ਜੂਨ,1984 ਸ਼ਹੀਦੀ ਦਿਹਾੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

ਵੀਹਵੀਂ ਸਦੀ ਦੇ ਮਹਾਨ ਜਰਨੈਲ, ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮਹਿਨਾਜ ਹਸਤੀ, ਪੰਥ ਦੇ ਰੂਹੇ ਰਵਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜਨਮ 1947 ਈਸਵੀ ਨੂੰ ਪਿੰਡ ਰੋਡੇ, ਜ਼ਿਲ੍ਹਾ ਫਰੀਦਕੋਟ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ, ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਆਪਣੇ ਪਿਤਾ ਦੀ ਤਰ੍ਹਾਂ ਬਾਬਾ ਜੋਗਿੰਦਰ ਸਿੰਘ ਜੀ ਵੀਂ ਗੁਰੂ ਘਰ ਦੇ ਅਨਿਨ ਸੇਵਕ ਸਨ। ਬਾਬਾ ਜੋਗਿੰਦਰ ਸਿੰਘ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਅਤੇ ਸੰਤ ਕਿਰਪਾਲ ਸਿੰਘ ਜੀ ਰੋਡੇ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਸਨ ਤੇ ਪੰਥ ਲਈ ਹਰ ਸਮੇਂ ਕੁਰਬਾਨੀ ਕਰਨ ਲਈ ਤੱਤਪਰ ਰਹਿੰਦੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਹਰ ਮੋਰਚੇ ਵਿੱਚ ਨਿਸ਼ਕਾਮ ਭਾਵਨਾ ਨਾਲ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਬਾਬਾ ਜੋਗਿੰਦਰ ਸਿੰਘ ਜੀ ਦੇ ਸੱਤ ਸਪੁੱਤਰਾਂ ਵਿੱਚੋਂ ਭਾਈ ਜਗੀਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਕੈਪਟਨ ਹਰਚਰਨ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਭਾਈ ਹਰਜੀਤ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਵਿੱਚੋਂ ਸਭ ਤੋਂ ਛੋਟੇ ਸੰਤ ਜਰਨੈਲ ਸਿੰਘ ਜੀ ਸਨ। ਸੱਤਾਂ ਭਰਾਵਾਂ ਦੀ ਇਕਲੌਤੀ ਭੈਣ ਬੀਬੀ ਇੰਦਰਜੀਤ ਕੌਰ ਜੀ ਹਨ। ਸੰਤ ਜਰਨੈਲ ਸਿੰਘ ਜੀ ਨੇ ਮੁੱਢਲੀ ਵਿੱਦਿਆ ਗੌਰਮਿੰਟ ਪ੍ਰਾਇਮਰੀ ਸਕੂਲ, ਰੋਡੇ ਵਿੱਚੋਂ ਪੰਜਵੀਂ ਜਮਾਤ ਦਾ ਇਮਤਿਹਾਨ ਪਾਸ ਕਰਕੇ ਕੀਤੀ। ਆਪ ਜੀ ਨੇ ਪੌਣੇ ਪੰਜ ਸਾਲ ਦੀ ਉਮਰ ਵਿੱਚ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਨਿੱਤਨੇਮ ਵਿੱਚ ਪ੍ਰਪੱਕ ਰਹਿਣਾ ਆਪਣੇ ਜੀਵਨ ਦਾ ਮੁੱਖ ਨਿਸ਼ਾਨਾ ਬਣਾ ਲਿਆ। ਆਪ ਜੀ ਪੂਰੇ ਗਿਆਰਾਂ ਸਾਲ ਪਿੰਡ ਵਿੱਚ ਖੇਤੀ ਕਰਦੇ ਅਤੇ ਸਿਮਰਨ ਅਭਿਆਸ ਵਿੱਚ ਲਿਵਲੀਨ ਰਹੇ। ਸੰਤ ਜਰਨੈਲ ਸਿੰਘ ਜੀ ਦੀ ਯਾਦ ਸ਼ਕਤੀ ਅਤੇ ਆਮ ਗਿਆਨ ਹੈਰਾਨ ਕਰ ਦੇਣ ਵਾਲਾ ਸੀ। ਸੰਤ ਜਰਨੈਲ ਸਿੰਘ ਜੀ 1964 ਈਸਵੀ ਵਿੱਚ ਪੱਕੇ ਤੌਰ 'ਤੇ ਦਮਦਮੀ ਟਕਸਾਲ ਜੱਥਾ ਭਿੰਡਰਾਂ ਵਿੱਚ ਸ਼ਾਮਲ ਹੋ ਗਏ ਅਤੇ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਇੱਕ ਸਾਲ ਵਿੱਚ ਹੀ ਆਪ ਜੀ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰ ਇਤਿਹਾਸ ਤੇ ਗੁਰਮੁਖ ਦਰਸ਼ਨ ਵਿੱਚ ਪ੍ਰਪੱਕ ਹੋ ਗਏ। 1968 ਈਸਵੀ ਨੂੰ ਆਪ ਜੀ ਦਾ ਆਨੰਦ ਕਾਰਜ ਪਿੰਡ ਬਿਲਾਸਪੁਰ ਵਿੱਚ ਸਰਦਾਰ ਸੁੱਚਾ ਸਿੰਘ ਜੀ ਦੀ ਲੜਕੀ ਬੀਬੀ ਪ੍ਰੀਤਮ ਕੌਰ ਜੀ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ, ਭਾਈ ਈਸ਼ਰ ਸਿੰਘ ਜੀ 1971 ਈਸਵੀ ਅਤੇ ਭਾਈ ਇੰਦਰਜੀਤ ਸਿੰਘ ਜੀ 1974 ਈਸਵੀ ਵਿੱਚ ਹੋਏ। 16 ਅਗਸਤ 1977 ਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਦੇ ਸੱਚਖੰਡ ਗਮਨ ਕਰ ਜਾਣ ਉਪਰੰਤ ਉਹਨਾਂ ਦੇ ਹੁਕਮ ਤੇ ਇੱਛਾ ਮੁਤਾਬਿਕ ਬਾਬਾ ਠਾਕੁਰ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਹੋਰਨਾਂ ਸਿੰਘਾਂ ਵਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਦਮਦਮੀ ਟਕਸਾਲ ਦੀ ਸੇਵਾ ਸੌਂਪੀ ਗਈ। ਬਾਬਾ ਠਾਕੁਰ ਸਿੰਘ ਜੀ ਨੇ ਸੰਤਾਂ ਦੇ ਸੀਸ ਤੇ ਦਸਤਾਰ ਸਜਾਈ। ਇਸ ਪਿੱਛੋਂ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਜੱਥੇਦਾਰ ਭਾਈ ਮਾਨ ਸਿੰਘ ਜੀ ਨੇ ਤਖਤ ਸਾਹਿਬ ਵੱਲੋਂ ਸਿਰੋਪਾ ਸੰਤਾਂ ਦੇ ਸੀਸ ਤੇ ਸਜਾਇਆ। ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਖੇ ਜੱਥੇਦਾਰ ਮਾਨ ਸਿੰਘ ਜੀ ਨੇ ਆਪ ਅਰਦਾਸ ਕੀਤੀ, ਚੱਲ ਰਹੇ ਸ੍ਰ੍ਰੀ ਅਖੰਡ ਪਾਠ ਸਾਹਿਬ ਵਿੱਚੋਂ 'ਹੁਕਮਨਾਮਾ' ਆਇਆ - 'ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਿਕ ਭਾਗਾ॥ (ਗਉੜੀ ਮਹਲਾ 5, ਅੰਗ 236)। ਦਮਦਮੀ ਟਕਸਾਲ ਦੀ ਸੇਵਾ ਸੰਭਾਲਦੇ ਹੋਏ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਸਿੱਖੀ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ। ਸੰਤ ਜਰਨੈਲ ਸਿੰਘ ਜੀ ਨੇ ਭਾਵੇਂ ਕਿਤਾਬੀ ਗਿਆਨ ਜਾਂ ਅਕਾਦਮਿਕ ਸਿਖਲਾਈ ਹਾਸਲ ਨਹੀਂ ਸੀ ਕੀਤੀ ਹੋਈ ਪਰ ਉਹ ਇਕ ਸਾਦ ਮੁਰਾਦੇ ਸੰਤ-ਪੁਰਖ ਸੀ ਜੋ ਗੁਰੂ ਜੀ ਦੀ ਨਾਮ ਬਾਣੀ ਵਿਚ ਪੁਨਰ ਜੀਵਤ ਹੋ ਕੇ ਆਤਮਕ ਅਨੁਭਵ ਦੀ ਸੁਤੰਤਰਤਾ ਵਿਚ ਅਨੰਤ ਹੋ ਗਏ ਸੀ। ਉਹਨਾਂ ਦੀ ਪ੍ਰਤਿਭਾ ਆਤਮਕ ਅਨੁਭਵ ਨਾਲ ਇਸ ਤਰ੍ਹਾਂ ਜਗਮਗਾ ਉੱਠੀ ਸੀ ਕਿ ਉਹਨਾਂ ਦੀ ਕਲਪਨਾ ਦੇ ਅੰਦਰ, ਖ਼ਾਲਸਾ ਪੰਥ ਨੂੰ ਦਰਪੇਸ਼ ਖ਼ਤਰਿਆਂ ਤੇ ਚੁਣੌਤੀਆਂ ਦੀ ਭਰਵੀਂ ਤੇ ਸਹੀ ਤਸਵੀਰ ਉਭਰ ਆਈ ਸੀ। ਭਾਰਤੀ ਰਾਸ਼ਟਰਵਾਦ ਦੇ ਜਿਸ ਬਲਕਾਰੀ ਵਿਚਾਰਧਾਰਕ ਫ਼ੈਕਟਰ ਨੇ ਪਹਿਲਾਂ, ਬਸਤੀਵਾਦ ਵਿਰੋਧੀ ਸੰਘਰਸ਼ ਦੇ ਦੌਰਾਨ ਸਿੱਖਾਂ ਨੂੰ ਘੇਰ ਕੇ ਹਿੰਦੂ ਵਰਗ ਦੇ ਵਿਚਾਰਧਾਰਕ ਗ਼ਲਬੇ ਹੇਠ ਲਿਆਂਦਾ, ਅਤੇ ਫਿਰ 1947 ਤੋਂ ਬਾਅਦ ਉਨ੍ਹਾਂ ਨੂੰ ਸਵੈ-ਇੱਛਾ ਨਾਲ ਹੀ, ਹਿੰਦੂ ਵਰਗ ਦਾ ਰਾਜਸੀ ਗ਼ਲਬਾ ਪ੍ਰਵਾਨ ਕਰਨ ਲਈ ਪ੍ਰੇਰਿਤ ਕੀਤਾ। ਜਿਸਨੇ 1947 ਤੋਂ ਪਹਿਲਾਂ, ਅਤੇ ਬਾਅਦ ਵਿਚ ਵੀ, ਦੇਸ਼ਭਗਤੀ ਦੇ ਨਾਂ ਹੇਠ ਸਿੱਖਾਂ ਦੇ ਕਿੰਨੇ ਹੀ ਜਾਨਦਾਰ ਰਾਜਸੀ ਉਭਾਰ ਨਿਗਲ ਲਏ ਸਨ। ਜਿਸਦਾ ਲਗਭਗ ਪੂਰੀ ਇਕ ਸਦੀ ਤੋਂ ਹੀ ਸਿੱਖ ਸਮਾਜ ਅੰਦਰ, ਕਿੰਨੇ ਹੀ ਪਾਸਿਆ ਤੋਂ (ਹਿੰਦੂ ਰਾਸ਼ਟਰਵਾਦੀਆਂ ਤੋਂ ਲੈ ਕੇ ਗਾਂਧੀਵਾਦੀਆਂ, ਨੈਸ਼ਨਲਿਸਟ ਸਿੱਖਾਂ ਤੋਂ ਲੈ ਕੇ ਇਨਕਲਾਬੀ ਦੇਸ਼ਭਗਤਾਂ, ਅਤੇ ਆਰੀਆ ਸਮਾਜੀਆਂ ਤੋਂ ਲੈ ਕੇ ਹਰ ਵੰਨਗੀ ਦੇ ਖੱਬੇ ਪੱਖੀਆਂ ਤਕ), ਅਤੇ ਕਿੰਨੇ ਹੀ ਰੂਪਾਂ ਵਿਚ (ਸਿਧਾਂਤਕ ਲਿਖਤਾਂ ਤੋਂ ਲੈ ਕੇ ਸਾਹਿਤਕ ਰਚਨਾਵਾਂ-ਨਾਵਲਾਂ, ਕਹਾਣੀਆਂ, ਨਾਟਕਾਂ ਤੇ ਗੀਤਾਂ ਆਦਿ-ਤਕ), ਜ਼ੋਰਦਾਰ ਸੰਚਾਰ ਹੁੰਦਾ ਆ ਰਿਹਾ ਸੀ। ਉਸ ਵਿਚਾਰਧਾਰਕ ‘ਵਾਇਰਸ’ ਤੋਂ ਸਿੱਖ ਸਮਾਜ ਨੂੰ ਸੁਰਖ਼ਰੂ ਕਰਨਾ, ਕਿਸੇ ਵੀ ਲਿਹਾਜ਼ ਨਾਲ, ਸੁਖਾਲਾ ਕਾਰਜ ਨਹੀਂ ਸੀ। ਸੰਤ ਭਿੰਡਰਾਵਾਲਿਆਂ ਨੇ ਸਿੱਖ ਚੇਤਨਾ ਉੱਤੇ ਚੀੜ੍ਹੀ ਤਰ੍ਹਾਂ ਨਾਲ ਜੰਮ ਚੁੱਕੀ ਹੋਈ ਇਸ ਵਿਚਾਰਧਾਰਕ ਮੈਲ ਨੂੰ ਕੂਚ ਕੂਚ ਕੇ ਲਾਹੁਣ ਵਾਸਤੇ ਬਹੁਤ ਹੀ ਦੀਰਘ-ਕਾਲੀ ਤੇ ਸਿਰੜ ਭਰੇ ਯਤਨਾਂ ਦੀ ਜ਼ਰੂਰਤ ਮਹਿਸੂਸ ਕਰ ਕਾਰਜ ਆਰੰਭ ਦਿੱਤਾ ਸੀ। ਸੰਤ ਭਿੰਡਰਾਵਾਲਿਆਂ ਦਾ ਵੱਧ ਜ਼ੋਰ ਕੌਮ ਅੰਦਰੋਂ ਗੁਲਾਮੀ ਦੇ ਚਿਰ-ਕਾਲੀ ਮਨੋਵਿਗਿਆਨਕ ਅਸਰਾਂ ਨੂੰ ਦੂਰ ਕਰਨ ਉੱਤੇ ਹੀ ਲੱਗਾ ਹੋਇਆ ਸੀ। ਜਿਸ ਤਹਿਤ ਸੰਤਾਂ ਨੇ ਅਗਸਤ 1977 ਤੋਂ ਅਪ੍ਰੈਲ 1978 ਤੱਕ ਦੇ ਅੱਠ ਮਹੀਨੇ ਦੇ ਸਮੇਂ ਦੌਰਾਨ ਨਾ ਕੇਵਲ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਸਗੋਂ ਪੰਜਾਬ ਤੋਂ ਬਾਹਰ ਮੱਧ ਪ੍ਰਦੇਸ਼, ਯੂ.ਪੀ, ਬੰਬਈ, ਕਲਕੱਤਾ ਅਤੇ ਹੋਰ ਰਾਜਾਂ ਦੀਆਂ ਸੰਗਤਾਂ ਨੂੰ ਗੁਰਸਿੱਖੀ ਦੇ ਬੇਮਿਸਾਲ ਪ੍ਰਚਾਰ ਦੇ ਨਾਲ-੨ ਉਪਰੋਕਤ ਵਿਚਾਰਧਾਰਕ ‘ਵਾਇਰਸ’ ਤੋਂ ਵੀਂ ਜਾਣੂ ਕਰਵਾਇਆ। ਉਨ੍ਹਾਂ ਨੇ ਐਲਾਨਿਆਂ ਤੌਰ ’ਤੇ ਅਖੌਤੀ ਗੁਰੂ ਡੰਮ ਨੂੰ ਵੰਗਾਰਿਆ ਅਤੇ ਸਮੁੱਚੀ ਸਿੱਖ ਜਗਤ ਨੂੰ ‘ਸ਼ਬਦ ਗੁਰੂ’ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਸੰਤ ਜਰਨੈਲ ਸਿੰਘ ਜੀ ਨੇ ਸਿੱਖਾਂ ਦੀ ਬਾਂਹ ਫੜ ਉਨ੍ਹਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ। ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ। ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ। ਕੌਮ ਚ ਜਾਗਰਿਤ ਅਤੇ ਜ਼ਰਖੇਜ਼ ਵਰਗ ਚ ਬੇਮਿਲਾਸ ਵਾਧਾ ਨਜ਼ਰੀ ਆਉਣ ਲੱਗਾ ਸੀ। ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ। ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ-ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਆ। ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ। ਫ਼ਿਰ 1978 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਵਾਪਰੇ ਖੂਨੀ ਕਾਂਡ ਨੇ ਸਿੱਖ ਕੌਮ ਸਾਹਮਣੇ ਨਵੇਂ ਸੁਆਲ ਤੇ ਨਵੀਆਂ ਚੁਣੌਤੀਆਂ ਉਭਾਰ ਦਿੱਤੀਆਂ ਸਨ। ਸੰਤ ਭਿੰਡਰਾਂਵਾਲਿਆਂ ਦੇ ਰਾਜਸੀ ਦ੍ਰਿਸ਼ ਉਤੇ ਪਰਗਟ ਹੋ ਜਾਣ ਨਾਲ ਕੌਮ ਦੇ ਇਤਿਹਾਸ ਦੇ ਇਕ ਨਵੇਂ ਕਾਂਡ ਦੀ ਸਿਰਜਣਾ ਦਾ ਮਹੂਰਤ ਹੋ ਚੁਕਿਆ ਸੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਥੇਦਾਰ ਤਲਵਿੰਦਰ ਸਿੰਘ ਜੀ ਤੇ ਉਨ੍ਹਾਂ ਦੇ ਸਾਥੀ ਅਤੇ ਹੋਰ ਬਹੁਤ ਸਾਰੇ ਸਰਗਰਮ ਪੰਥਕ ਕਾਰਕੁਨ, ਸਿੱਖਾਂ ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਯਕੀਨਨ ਸਜ਼ਾ ਦੇਣਾ ਚਾਹੁੰਦੇ ਸਨ ਪਰ ਪਹਿਲਾਂ ਉਹਨਾਂ ਨੇ ਭਾਰਤੀ ਅਦਾਲਤਾਂ ਤੋਂ ਇਨਸਾਫ਼ ਦੀ ਮੰਗ ਕੀਤੀ। ਪਰ ਜਦ ਅਦਾਲਤਾਂ ਇਨਸਾਫ਼ ਨਾ ਕਰ ਸਕੀਆਂ ਤਦ ਖਾਲਸੇ ਨੇ ਖ਼ੁਦ ਇਨਸਾਫ਼ ਕਰਨ ਦਾ ਫ਼ੈਸਲਾ ਕੀਤਾ ਅਤੇ 24 ਅਪ੍ਰੈਲ 1980 ਨੂੰ ਗੁਰਬਚਨੇ ਨਰਕਧਾਰੀਏ ਨੂੰ ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਉਸ ਦੇ ਦੋ ਬਾਡੀਗਾਰਡਾਂ ਸਮੇਤ ਸੋਧਾ ਲਾ ਦਿੱਤਾ। ਸੰਤ ਭਿੰਡਰਾਵਾਲਿਆਂ ਦੇ 20 ਸਾਥੀਆਂ ਤੇ ਐਫ.ਆਈ.ਆਰ ਦਰਜ ਹੋਈ। ਸੰਤ ਭਿੰਡਰਾਵਾਲਿਆਂ ਦਾ ਨਾਮ ਵੀ ਪ੍ਰਮੁਖਤਾ ਨਾਲ ਸਾਹਮਣੇ ਆਉਣ ਲੱਗਾ। 3 ਸਾਲਾਂ ਬਾਅਦ ਦਿੱਲੀ ਦੇ ਭਾਈ ਰਣਜੀਤ ਸਿੰਘ ਜੀ ਨੇ ਇਸ ਕਾਂਡ ਦੀ ਜਿੰਮੇਦਾਰੀ ਲੈਂਦਿਆਂ ਸਮਰਪਣ ਕਰ ਦਿੱਤਾ, ਜਿਹਨਾਂ ਨੂੰ ਬਾਅਦ ਚ 13 ਸਾਲ ਦੀ ਕੈਦ ਹੋਈ। ਫਿਰ 9 ਸਤੰਬਰ 1981 ਵਿੱਚ ਲਾਲਾ ਜਗਤ ਨਰੈਣ, ਜੋ ਆਪਣੀਆਂ ਅਖਬਾਰਾਂ ਚ ਅਕਸਰ ਸਿੱਖ ਗੁਰੂ ਸਾਹਿਬਾਨਾਂ ਬਾਰੇ ਗਲਤ ਬਿਆਨਬਾਜੀ ਕਰਦਾ ਰਹਿੰਦਾ ਸੀ, ਨੂੰ ਸਿੰਘਾਂ ਨੇ ਲੁਧਿਆਣੇ ਕੋਲ ਸੋਧਾ ਲਾ ਦਿੱਤਾ। ਇਸ ਕਤਲ ਦੇ ਦੋ ਦਿਨਾਂ ਬਾਅਦ ਹੀਂ ਸੰਤ ਭਿੰਡਰਾਵਾਲਿਆਂ ਖ਼ਿਲਾਫ਼ ਵਰੰਟ ਜਾਰੀ ਹੋ ਗਏ। ਡੀ.ਆਈ.ਜੀ ਮਾਂਗਟ ਦੀ ਅਧੀਨ ਪੁਲਿਸ ਸੰਤਾਂ ਨੂੰ ਗ੍ਰਿਫ਼ਤਾਰ ਕਰਨ ਹਰਿਆਣਾ ਦੇ ਚੰਦੋ ਕਲਾਂ ਪਿੰਡ ਪੁੱਜੀ। ਪਰ ਸੰਤ ਜੀ ਪਹਿਲਾਂ ਹੀ ਉੱਥੋਂ ਜਾ ਚੁੱਕੇ ਸਨ। ਗੁੱਸੇ ਚ ਆਈ ਪੁਲਿਸ ਨੇ ਜੱਥੇ ਦੀਆਂ ਦੋ ਬੱਸਾਂ, ਜਿੰਨਾਂ ਚ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਬਿਰਾਜਮਾਨ ਸੀ, ਨੂੰ ਅੱਗ ਲਗਾ ਦਿੱਤੀ। ਜਦ ਇਸ ਸਬ ਦੀ ਖ਼ਬਰ ਸੰਤਾਂ ਤੱਕ ਪੁੱਜੀ ਤਾਂ ਉਹਨਾਂ 20 ਸਤੰਬਰ 1981 ਨੂੰ ਆਪਣੀ ਗ੍ਰਿਫ਼ਤਾਰੀ ਦੇਣ ਦਾ ਐਲਾਨ ਕਰ ਦਿੱਤਾ। 20 ਸਤੰਬਰ ਨੂੰ ਸੰਤਾਂ ਨੇ ਭਾਰੀ ਇਕੱਠ ਵਿੱਚ ਆਪਣੀ ਗ੍ਰਿਫ਼ਤਾਰੀ ਦਿੱਤੀ। ਸੰਤਾਂ ਦੀ ਬਿਨਾ-ਵਜਾਹ ਗ੍ਰਿਫਤਾਰੀ ਨੇ ਸਿੱਖ ਜਗਤ ਅੰਦਰ ਰੋਹ ਦੀ ਹਨੇਰੀ ਝੁਲਾਅ ਦਿਤੀ। ਹਰ ਸਿੱਖ ਨੇ ਆਪੋ-ਆਪਣੇ ਢੰਗ ਤਰੀਕੇ ਨਾਲ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ। 25 ਦਿਨਾਂ ਸੰਤਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਤੇ ਤਰ੍ਹਾਂ-੨ ਦੇ ਸਵਾਲ ਪੁੱਛੇ ਗਏ। ਫਿਰ ਗ੍ਰਿਹ ਮੰਤਰੀ ਗਿਆਨੀ ਜੈਲ ਸਿੰਘ ਨੇ 14 ਅਕਤੂਬਰ 1981 ਨੂੰ ਲੋਕ ਸਭਾ ਵਿੱਚ ਸੰਤ ਭਿੰਡਰਾਵਾਲਿਆਂ ਦੇ ਨਿਰਦੋਸ਼ ਹੋਣ ਦੀ ਘੋਸ਼ਣਾ ਕਰ ਸੰਤਾਂ ਨੂੰ ਰਿਹਾ ਕਰ ਦਿੱਤਾ। ਫਿਰ 26 ਅਪ੍ਰੈਲ 1982 ਵਿੱਚ ਸੰਤਾਂ ਦੀ ਅਗਵਾਈ ਵਿੱਤ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਂਣ ਲਈ ਮੁਹਿੰਮ ਸ਼ੁਰੂ ਹੋ ਗਈ। ਇਸ ਦੇ ਚਲਦਿਆਂ ਹੀ 19 ਜੁਲਾਈ 1982 ਨੂੰ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸੰਤ ਭਿੰਡਰਾਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਸਿੰਘਾਂ ਦੀ ਰਿਹਾਈ ਲਈ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ। ਐਲਾਨ ਕੀਤਾ ਕਿ ਹਰ ਰੋਜ਼ 51 ਸਿੰਘਾਂ ਦਾ ਜੱਥਾ ਸ਼ਾਂਤਮਈ ਗ੍ਰਿਫਤਾਰੀ ਦੇਵੇਗਾ। ਜਦ ਤੱਕ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ, ਦੋਵੇਂ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਤਦ ਤੱਕ ਮੋਰਚਾ ਜਾਰੀ ਰਹੇਗਾ। ਧਰਮ ਯੁੱਧ ਮੋਰਚਾ ਨੇ ਹੀ ਸਬ ਤੋ ਪਹਿਲਾਂ ਮੁੱਖ ਤੌਰ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਲਈ ਪਹਿਲਾ ਸਮੂਹਿਕ ਉਲਾਰ ਦਿੱਤਾ। ਇਸੇ ਦੌਰਾਨ ਹੀ ਅਕਾਲੀ ਦਲ ਵੱਲੋਂ ਨਹਿਰ ਰੋਕੂ (ਕਪੂਰੀਂ ਦਾ) ਮੋਰਚਾ ਲਾਇਆ ਹੋਇਆ ਸੀ, ਜੋ ਕਿ ਦਿਸ਼ਾ ਵਿਹੂਣ ਹੋ ਕੇ ਦਮ ਘੁੱਟ ਰਿਹਾ ਸੀ ਤਾਂ ਅਕਾਲੀ ਦਲ ਨੇ ਇਹੀ ਬਿਹਤਰ ਸਮਝਿਆ ਕਿ ਮੋਰਚਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਲਾਇਆ ਜਾਵੇ ਅਤੇ ਸੰਤ ਭਿੰਡਰਾਂਵਾਲਿਆਂ ਦੇ ਚੱਲ ਰਹੇ ਮੋਰਚੇ ਨਾਲ ਇਸ ਨੂੰ ਸਾਂਝਾ ਕਰ ਲਿਆ ਜਾਵੇ ਤਾਂ ਅਕਾਲੀ ਆਗੂਆਂ ਨੇ ਸੰਤਾਂ ਨਾਲ ਵਿਚਾਰ ਵਟਾਂਦਰਾ ਕਰਕੇ ਮੋਰਚੇ ਨੂੰ ਸਾਂਝੇ ਰੂਪ ਵਿੱਚ ਚਾਲੂ ਕਰਨ ਲਈ ਸਹਿਮਤ ਕਰ ਲਿਆ ਜਿਸ ਨੂੰ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਹੁਣ ਤਕ ਬਾਕੀ ਸਬ ਸਿੱਖ ਜੱਥੇਬੰਦੀਆਂ ਵੀਂ ਇਸ ਮੋਰਚੇ ਵਿੱਚ ਸ਼ਾਮਲ ਹੋ ਗਈਆਂ ਸਨ। ਅਖੀਰ ਸਿੱਖ ਕੌਮ ਦੇ ਜਾਹੋ-ਜਲਾਲ ਨੂੰ ਦੇਖਦਿਆਂ ਅਤੇ ਧਰਮਯੁੱਧ ਮੋਰਚੇ ਦੀਆਂ ਬੁਲੰਦੀਆਂ ਦਾ ਰੁੱਖ਼ ਭਾਪਦਿਆਂ ਸਰਕਾਰ ਨੇ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਜਿਨ੍ਹਾਂ ਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚਣ 'ਤੇ ਸੰਗਤਾਂ ਅਤੇ ਸਿੱਖ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰਿਹਾਈਆਂ ਉਪਰੰਤ ਵੀ ਧਰਮਯੁੱਧ ਮੋਰਚਾ ਬੜੀ ਚੜ੍ਹਦੀ ਕਲਾ ਅਤੇ ਸਾਂਤੀਪੂਰਵਕ ਚਲਦਾ ਰਿਹਾ ਪਰ ਵਿੱਚ-੨ ਕਈ ਵਾਰ ਸਰਕਾਰ ਵਲੋਂ ਏਸ ਮੋਰਚੇ ਨੂੰ ਹਿੰਸਕ ਰੂਪ ਦੇਣ ਦੀ ਕੋਸ਼ਿਸ਼ ਵੀਂ ਹੁੰਦੀ ਰਹੀ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੀ ਕਿਤਾਬ ‘ਸਹਿਜੇ ਰਚਿਓ ਖਾਲਸਾ’ ‘ਚ ਲਿਖਦੇ ਹਨ ਕਿ - ''ਯਹੂਦੀ-ਹੋਂਦ ਮਰ ਕੇ ਮੁੜ ਜਨਮਦੀ ਹੈ, ਜਦੋਂ ਉਹ ਯੋਰੋਸ਼ਵੱਲ ਵੇਖਦੀ ਹੈ। ਇਵੇਂ ਹੀ ਜਦ ਖਾਲਸਾ ਪੰਥ ਦੀ ਨਿਆਰੀ ਹਸਤੀ ਖਤਰੇ ‘ਚ ਹੁੰਦੀ ਹੈ, ਜਦ ਪੰਥ ਉਤੇ ਅੱਤ ਦੀ ਭੀੜ ਪੈਂਦੀ ਹੈ ਅਤੇ ਜਦ ਕੌਮ ਨੇ ਆਪਣੀ ਹੱਕੀ ਆਵਾਜ਼ ਨੂੰ ਬੁਲੰਦ ਕਰਨਾ ਹੁੰਦਾ ਹੈ ਤਾਂ ਉਸ ਦੀ ਨਜ਼ਰ ਰੂਹਾਨੀਅਤ ਦੇ ਮਹਾਨ ਕੇਂਦਰ ਦਰਬਾਰ ਸਾਹਿਬ ਵੱਲ ਤੱਕਦੀ ਹੈ ਅਤੇ ਪੰਥ ਅਕਾਲ ਤਖ਼ਤ ਦੀ ਪਵਿੱਤਰ ਗੋਦ ‘ਚ ਪਹੁੰਚ ਕੇ ਮੋਰਚੇ ਲਾਉਂਦਾ ਹੈ ਕਿਉਂਕਿ ‘ਸ਼੍ਰੀ ਅਕਾਲ ਤਖ਼ਤ ਸਾਹਿਬ (ਸਿੱਖਾਂ ਲਈ) ਇੱਕ ਅਜਿਹਾ ਸੋਮਾ ਹੈ, ਜਿੱਥੋਂ ਸਿੱਖ ਰਵਾਇਤਾਂ, ਸਿੱਖ ਸਭਿਆਚਾਰ ਅਤੇ ਸਿੱਖ ਤਰਜ਼-ਏ-ਜ਼ਿੰਦਗੀ ਸੰਸਾਰ ਭਰ ਵਿੱਚ ਫੈਲਦੇ ਹਨ।'' ਸੰਤਾਂ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਇਸ ਦੇ ਦੁਆਲੇ ਦੀ ਇਮਾਰਤ ਨੂੰ ਆਪਣੀਆਂ ਸਰਗਰਮੀਆਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਮਾਮਲਿਆਂ ਲਈ ਕਿਸੇ ਰਿਆਇਤ ਦੇ ਮਾਮਲੇ ਜਾਂ ਕਿਸੇ ਤਾਕਤ ਦੀ ਅਧੀਨਗੀ ਵਜੋਂ ਨਹੀਂ, ਸਗੋਂ ਸਿੱਖਾਂ ਦੀ ਪ੍ਰਤੀਨਿਧਤਾ ਲਈ ਇਕ ਰਾਜਨੀਤਿਕ-ਧਾਰਮਿਕ ਸੰਸਥਾ (ਦੇ ਤੌਰ ਤੇ) ਪੰਥ ਦੇ ਜੱਦੀ ਅਧਿਕਾਰ ਵਜੋਂ ਇਕ ਕੇਂਦਰ ਬਣਾ ਲਿਆ ਸੀ। ਹਿੰਦੂਤਵ ਲਈ ਸੰਤ ਜੀ ਕੇਵਲ ਇਕ ਵਿਅਕਤੀ ਨਹੀਂ ਸਨ, ਸਗੋਂ ਉਹ ਭਾਰਤ ਵਿੱਚ ਵਿਚਰਦੇ ਇਕ ਨਿਆਰੇ ਧਰਮ ਦੀ ਅਡੋਲ ਸੋਚ ਸਨ ਅਤੇ ਸਾਕਾਰ ਖਾਲਸਾ ਇਤਿਹਾਸ ਸਨ। ਸੋ, ਇਸ ਲਈ ਉਹਨਾਂ ਦੀ ਅੜੀ ਨੂੰ (ਹਕੂਮਤ ਵਲੋਂ) ਤੋੜਨਾ ਜ਼ਰੂਰੀ ਬਣ ਗਿਆ ਸੀ। ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਨਜਿੱਠਣ ਲਈ ਨਵੀਂ ਪੈਂਤੜੇਬਾਜੀ ਘੜ ਲਈ ਸੀ। ਉਸਨੇ ਸਿੱਖਾਂ ਨੂੰ ਸਬਕ ਸਿਖਾਉਣ ਅਤੇ ਸੰਤ ਜਰਨੈਲ ਸਿੰਘ ਜੀ ਨੂੰ ਖਤਮ ਕਰਨ ਦੀ ਚਲਾਕ ਯੋਜਨਾ ਦੇ ਵਰਤਾਰੇ ਨਾਲ ਹਿੰਦੂ ਬਹੁਗਿਣਤੀ ਦਾ ਮਨ ਸਿੱਖਾਂ ਦੀ ਬਲੀ ਦੇ ਕੇ ਜਿੱਤਣ ਦਾ ਮਨ ਬਣਾ ਲਿਆ ਸੀ। 6 ਅਕਤੂਬਰ 1983 ਈਸਵੀ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਇੰਦਰਾ ਦੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਨੀਅਤ ਦਾ ਪਤਾ ਜਦ ਸੰਤਾਂ ਨੂੰ ਲੱਗਾ ਤਾਂ ਸੰਤ ਜਰਨੈਲ ਸਿੰਘ ਜੀ ਨੇ ਮਾਰਚ 1984 ਜਨਰਲ ਸੁਬੇਗ ਸਿੰਘ ਜੀ ਨੂੰ ਅੰਮ੍ਰਿਤਸਰ ਵਿਖੇ ਉਨਾਂ ਦੀ ਲੋੜ ਪੈਣ ਦਾ ਸੁਨੇਹਾ ਦਿੱਤਾ ਅਤੇ ਜਨਰਲ ਸੁਬੇਗ ਸਿੰਘ ਜੀ ਨੇ ਫ਼ੌਰਨ ਬਿਨਾਂ ਕਿਸੇ ਦੂਜੀ ਸੋਚ ਦੇ ਅੰਮ੍ਰਿਤਸਰ ਜਾਣ ਦਾ ਫੈਸਲਾ ਕਰ ਲਿਆ। ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਉਹ ਸਰਕਾਰ ਵਲੋਂ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੁੱਧ ਰਾਖੀ ਲਈ ਪੈਂਤੜੇ ਬਣਾਉਣ ਵਿੱਚ ਰੁੱਝ ਗਏ। ਸਮਾਂ ਆਉਣ ਉਤੇ ਸੰਤ ਜਰਨੈਲ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੇ ਪਦ-ਚਿੰਨਾਂ ਉਤੇ ਚਲਦਿਆਂ ਹੋਇਆ ਸ਼ਹੀਦੀ ਦੇਣ ਦੀ ਚੋਣ ਕਰ ਚੁੱਕੇ ਸਨ। ਉਧਰ ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਮਈ ਦੇ ਆਖਰੀ ਦਿਨਾਂ ’ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਆਂ ਇਕ-ਇਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉਤੇ ਤੈਨਾਤ ਕਰਨ ਲਈ ਭੇਜੀ ਜਾ ਰਹੀ ਸੀ। ਫੌਜੀ ਗੱਡੀਆਂ ਤੋਂ ਬਿਨਾਂ ਬਾਕੀ ਹਰ ਕਿਸਮ ਦੇ ਵਾਹਨਾਂ ਉਤੇ, ਰੇੜ੍ਹਿਆਂ ਤੋਂ ਲੈ ਕੇ ਸਾਈਕਲਾਂ ਤੱਕ ਵੀ, ਸਖ਼ਤ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਲੋਕਾਂ ਨੂੰ ਕੱਚੇ ਰਸਤਿਆਂ ’ਤੇ ਚੱਲਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ। ਡਾਕ-ਤਾਰ ਤੇ ਦੂਰ ਸੰਚਾਰ ਸੇਵਾਵਾਂ ਪੂਰਨ ਤੌਰ ’ਤੇ ਫੌਜ ਦੇ ਕੰਟਰੋਲ ਵਿਚ ਦੇ ਦਿੱਤੀਆਂ ਗਈਆਂ। ਪੰਜਾਬ ਨੂੰ ਬਾਕੀ ਦੇਸ਼ ਨਾਲੋਂ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਸੀਲ ਕਰ ਦਿੱਤਾ ਗਿਆ। ਸਭਨਾਂ ਬਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਉਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ। ਅਜਿਹੀਆਂ ਸਾਹ-ਘੁਟਵੀਆਂ ਪਾਬੰਦੀਆਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਅੰਦਰ ਨਾ ਪਹਿਲਾਂ ਕਦੇ ਦੇਖੀਆਂ ਸਨ ਨਾ ਸੁਣੀਆਂ ਸਨ। ਕੇਂਦਰ ਸਰਕਾਰ ਦੇ ਨੀਮ-ਫੌਜੀ ਹਥਿਆਰਬੰਦ ਬਲਾਂ (ਬੀ.ਐਸ.ਐਫ., ਸੀ.ਆਰ.ਪੀ., ਆਈ.ਟੀ.ਬੀ.ਪੀ.ਆਦਿ) ਨੇ ਦਰਬਾਰ ਸਾਹਿਬ ਦੇ ਇਰਦ-ਗਿਰਦ ਇਮਾਰਤਾਂ ਉਤੇ ਆਪਣੇ ਪੱਕੇ ਮੋਰਚੇ ਬਨਾਉਣੇ ਸ਼ੁਰੂ ਕਰ ਦਿੱਤੇ। ਪਹਿਲੀ ਜੂਨ ਨੂੰ ਉਨ੍ਹਾਂ ਆਪਣੇ ਇਨ੍ਹਾਂ ਮੋਰਚਿਆਂ ’ਚੋਂ ਦਰਬਾਰ ਸਾਹਿਬ ਸਮੂਹ ਉਤੇ ਅੱਠ ਘੰਟੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਕੀਤੀ। ਪਰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦੇ ਪੜ੍ਹਾਏ ਤੇ ਜਨਰਲ ਸੁਬੇਗ਼ ਸਿੰਘ ਜੀ ਦੇ ਸਿਖਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦੇ ਜੁਆਬ ਵਿਚ ਮੁਕੰਮਲ ਚੁਪ ਸਾਧੀ ਰੱਖੀ। ਨੀਮ ਫੌਜੀ ਬਲਾਂ ਦੀ ਇਸ ਅੰਧਾਧੁੰਦ ਗੋਲੀਬਾਰੀ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਇੱਕ ਮਾਸੂਮ ਬੱਚੇ ਤੇ ਬਿਰਧ ਔਰਤ ਸਮੇਤ ਅੱਧੀ ਦਰਜਨ ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਹਰਿਮੰਦਰ ਸਾਹਿਬ ਉਤੇ 32 ਥਾਵਾਂ ’ਤੇ ਗੋਲੀਆਂ ਦੇ ਡੂੰਘੇ ਨਿਸ਼ਾਨ ਪੈ ਗਏ। ਤਿੰਨ ਜੂਨ ਨੂੰ ਸਾਢੇ ਨੌਂ ਵਜੇ ਅੰਮ੍ਰਿਤਸਰ ਅਤੇ ਸਾਰੇ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਉਣ ਅਤੇ ਬਾਹਰ ਜਾਣ ਉਤੇ ਪਾਬੰਦੀ ਲਗਾ ਦਿੱਤੀ ਗਈ। ਚਾਰ ਜੂਨ ਨੂੰ ਅੰਮ੍ਰਿਤ ਵੇਲੇ ਜਦ ਦਰਬਾਰ ਸਾਹਿਬ ਅੰਦਰ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤਾਂ ਚਾਰ ਵਜੇ ਦੇ ਕਰੀਬ ਫੌਜੀ ਮਸ਼ੀਨਗੰਨਾਂ ਨੇ ਅਚਾਨਕ ਅੱਗ ਉਗਲਣੀ ਸ਼ੁਰੂ ਕਰ ਦਿੱਤੀ। ਰਾਤ ਦੇ ਹਨ੍ਹੇਰੇ ਵਿਚ ਅੱਗੇ-ਅੱਗੇ ਰੋਸ਼ਨੀ ਦੀ ਲੀਕ ਪਾਉਂਦੇ ਚਾਨਣੀ ਗੋਲੇ (ਟਰੇਸਰ ਬੁਲਿਟਸ) ਤੇ ਪਿਛੇ-ਪਿਛੇ ਆਰ.ਸੀ.ਐਲ ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ ਸਨ। ਚਾਰ ਜੂਨ ਦੀ ਸਾਰੀ ਦਿਹਾੜੀ ਗੋਲਿਆਂ ਤੇ ਗੋਲੀਆਂ ਦੀ ਅੱਗ ਵਰ੍ਹਦੀ ਰਹੀ। ਦੁਪਹਿਰ ਸਾਢੇ ਬਾਰਾਂ ਵਜੇ ਦੇ ਕਰੀਬ ਸਰਾਂ ਵਾਲੇ ਬੰਨੇ ਪਾਣੀ ਵਾਲੀ ਵੱਡੀ ਟੈਂਕੀ ਅੰਦਰ ਤੋਪ ਦੇ ਗੋਲੇ ਨਾਲ ਵੱਡਾ ਮਘੋਰਾ ਖੁਲ੍ਹ ਗਿਆ ਜਿਸ ਨਾਲ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਨਾਲ ਹੀ, ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਨੇਟਰ ਵੀ ਗੋਲਾਬਾਰੀ ਨਾਲ ਨਕਾਰਾ ਹੋ ਗਿਆ ਸੀ। ਅਗਲੀ ਰਾਤ ਤੇ ਉਸ ਤੋਂ ਅਗਲਾ (5 ਜੂਨ) ਸਾਰਾ ਦਿਨ ਲਗਾਤਾਰ ਦਰਬਾਰ ਸਾਹਿਬ ਉਤੇ ਗੋਲੀਆਂ ਦਾ ਮੀਂਹ ਵਰ੍ਹਦਾ ਰਿਹਾ। ਉਸ ਵੇਲੇ ਤੱਕ ਫੌਜ ਦਾ ਮੁੱਖ ਜ਼ੋਰ ਜੁਝਾਰੂ ਸਿੰਘਾਂ ਦੇ ਛੱਤਾਂ ਉਪਰਲੇ ਨੰਗੇ ਮੋਰਚਿਆਂ ਨੂੰ ਨਸ਼ਟ ਕਰਨ ਉਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤੱਕ ਫੌਜ ਨੇ ਟੈਂਪਲ ਵਿਊ ਹੋਟਲ, ਬ੍ਰਹਮ ਬੂਟਾ ਅਖਾੜਾ ਤੇ ਪਰਕਰਮਾ ਦੀ ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ’ਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਕਰ ਦਿੱਤੇ ਸਨ। ਪਰ ਜੁਝਾਰੂ ਸਿੰਘ ਆਪਣੀ ਮੂਲੋਂ ਹੀ ਥੋੜ੍ਹੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਰਹੇ ਸਨ। ਫੌਜੀ ਜਰਨੈਲ ਜਿਸ ਲੜਾਈ ਨੂੰ ਦੋ ਜਾਂ ਹੱਦ ਤਿੰਨ ਘੰਟਿਆਂ ਦੇ ਅੰਦਰ ਸਮੇਟ ਦੇਣ ਦੀ ਖੁਸ਼ਫਹਿਮੀ ਪਾਲੀ ਬੈਠੇ ਸਨ, ਉਹ ਉਮੀਦ ਨਾਲੋਂ ਕਿਤੇ ਵੱਧ ਲਮਕਵੀਂ ਤੇ ਜ਼ੋਖ਼ਮ ਭਰੀ ਸਾਬਤ ਹੋ ਰਹੀ ਸੀ। ਜਨਰਲ ਕੁਲਦੀਪ ਬਰਾੜ ਨੇ ਸਿੰਘਾਂ ਦੇ ਹੌਂਸਲੇ ਤੋੜਨ ਤੇ ਮੋਰਚੇ ਨਸ਼ਟ ਕਰਨ ਲਈ ਕਈ ਬਦਲਵੀਂਆਂ ਪੈਂਤੜਾ ਚਾਲਾਂ ਚੱਲੀਆਂ। ਪਰ ਜੁਝਾਰੂ ਸਿੰਘਾਂ ਦੀ ਕਹਿਰ ਵਰਸਾਉਂਦੀ ਜੁਆਬੀ ਗੋਲਾਬਾਰੀ ਉਤੇ ਕਾਬੂ ਪਾਉਣ ਦੀ ਪੂਰਵ-ਉਲੀਕੀ ਜਾਂ ਬਦਲਵੀਂ ਕੋਈ ਵੀ ਚਾਲ ਅਸਰਦਾਰ ਸਾਬਤ ਨਾ ਹੋਈ। ਕੋਈ ਛੇ ਘੰਟੇ ਬੀਤ ਜਾਣ ਤੋਂ ਬਾਅਦ ਜਦ ਫੌਜੀ ਜਰਨੈਲਾਂ ਨੂੰ ਪਹੁ ਫਟ ਜਾਣ ਦਾ ਅਤੇ ਦਿਨ ਦੇ ਚਿੱਟੇ ਚਾਨਣ ਵਿਚ ਆਪਣੀ ਨਾਕਾਮੀ ਦੇ ਜੱਗ-ਜ਼ਾਹਰ ਹੋ ਜਾਣ ਦਾ ਡਰਾਉਣਾ ਖਿਆਲ ਸਤਾਉਣ ਲੱਗਾ ਤਾਂ ਉਨ੍ਹਾਂ 6 ਜੂਨ ਦੀ ਲੋਅ ਪਾਟਣ ਤੋਂ ਪਹਿਲਾਂ ਸਵੇਰ ਦੇ ਚਾਰ ਵਜੇ ਮੰਜੀ ਸਾਹਿਬ ਵਾਲੇ ਪਾਸਿਓਂ ਇਕ ਬਖ਼ਤਰਬੰਦ ਗੱਡੀ ਪਰਕਰਮਾ ਅੰਦਰ ਉਤਾਰੀ ਪਰ ਬਖ਼ਤਰਬੰਦ ਗੱਡੀ ਅਜੇ ਪਰਕਰਮਾ ਦੇ ਅੱਧ ਵਿਚ ਸ਼ਹੀਦਾਂ ਵਾਲੇ ਗੇਟ ਦੇ ਸਾਹਮਣੇ ਹੀ ਪਹੁੰਚੀ ਸੀ ਕਿ ਸਿੰਘਾਂ ਵੱਲੋਂ ਨਿਸ਼ਾਨਾ ਸੇਧ ਕੇ ਦਾਗ਼ੇ ਗਏ ਰਾਕਟ ਲਾਂਚਰ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ। ਫੌਜੀ ਜਰਨੈਲਾਂ ਨੇ ਅਜਿਹੀ ਪਛਾੜ ਤਾਂ ਸੁਪਨੇ ਵਿਚ ਵੀ ਨਹੀਂ ਚਿਤਵੀ ਸੀ। ਇਸ ਕਰਕੇ ਇਸ ਨਾਲ ਉਨ੍ਹਾਂ ਅੰਦਰ ਇਕਦਮ ਘਬਰਾਹਟ ਫੈਲ ਗਈ। ਪੂਰਵ ਉਲੀਕੀਆਂ ਸਾਰੀਆਂ ਯੋਜਨਾਵਾਂ ਨੂੰ ਥਾਏਂ ਛੱਡਦਿਆਂ ਹੋਇਆਂ ਉਨ੍ਹਾਂ, ਭਾਰੀ ਕਾਹਲੀ ਤੇ ਘਬਰਾਹਟ ਵਿਚ, ਉਤਲੀ ਪੱਧਰ ’ਤੇ ਫੁਰਤੀ ਨਾਲ ਸਲਾਹ ਮਸ਼ਵਰੇ ਕਰਕੇ, ਸ਼੍ਰੀ ਅਕਾਲ ਤਖ਼ਤ ਉਤੇ ਸਿੱਧਾ ਟੈਂਕਾਂ ਨਾਲ ਹੱਲਾ ਬੋਲਣ ਦਾ ਨਿਰਣਾ ਕਰ ਲਿਆ। 6 ਜੂਨ ਨੂੰ ਵੱਡਾ ਦਿਨ ਚੜ੍ਹ ਪੈਣ ਤੱਕ ਟੈਂਕਾਂ ਦੀਆਂ ਤੋਪਾਂ ਅਕਾਲ ਤਖ਼ਤ ਸਾਹਿਬ ਉਤੇ ਬਿਨ੍ਹਾਂ ਸਾਹ ਲਏ ਗੋਲੇ ਸੁਟਦੀਆਂ ਰਹੀਆਂ। ਪ੍ਰੰਤੂ ਲਗਭਗ ਥੇਹ ਬਣ ਚੁਕੇ ਅਕਾਲ ਤਖ਼ਤ ਦੇ ਅੰਦਰ ਸੰਤ ਜਰਨੈਲ ਸਿੰਘ ਜੀ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਸਿੰਘ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਤੇ ਰਵਾਇਤਾਂ ਦੀ ਲਾਜ ਪਾਲਦੇ ਹੋਏ ਸਿਦਕਦਿਲੀ ਨਾਲ ਮੁਕਾਬਲੇ ’ਤੇ ਡਟੇ ਰਹੇ। ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲਿਆਂ ਕੋਲੋਂ ਦੋ ਘੰਟਿਆਂ ਦੇ ਅੰਦਰ-ਅੰਦਰ ਆਤਮ-ਸਮਰਪਣ ਕਰਵਾ ਲੈਣ ਦੀ ਹੋਛੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਉਂਗਲਾਂ ’ਤੇ ਗਿਣਨ ਜੋਗੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਸ਼੍ਰੀ ਅਕਾਲ ਤਖ਼ਤ ਨੂੰ ਹਾਲੋਂ ਬੇਹਾਲ ਕਰਕੇ ਰੱਖ ਦਿੱਤਾ ਹੋਇਆਂ ਸੀ। ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਬਹੁਤੇ ਸਿੰਘ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਜੀ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਹੀ ਸਪਸ਼ਟ ਸਨ, ਤੋਂ ਜਾਣੂੰ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਸੂਰਤ ਵਿਚ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚਬਾਉਣ ਦੇ ਆਪਣੇ ਪ੍ਰਣ ਉਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆ ਪਹੁੰਚਣ ਦਾ ਐਲਾਨ ਕੀਤਾ। ਸੰਤ ਜਰਨੈਲ ਸਿੰਘ ਜੀ ਸਮੇਤ ਅਕਾਲ ਤਖ਼ਤ ਦੇ ਭੋਰੇ ਅੰਦਰ ਮੌਜੂਦ ਦੋ ਦਰਜਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਅਰਦਾਸ ਲਈ ਜੁੜੇ। ਅਰਦਾਸ ਹੋਈ ਅਤੇ ਜੈਕਾਰਾ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਆਪੋ ਆਪਣੇ ਹਥਿਆਰਾਂ ਦੇ ਮੁੱਠਿਆਂ ਨੂੰ ਜਾ ਜੁੜੇ। ਅੱਗੇ-ਅੱਗੇ ਸੰਤ ਜੀ ਤੇ ਪਿੱਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਸਾਹਮਣੇ ਵਿਹੜੇ ਵਿਚ ਨਿਕਲ ਆਏ। ਇਸ ‘ਕੌਤਕ’ ਨੂੰ ਦੇਖ ਕੇ ਇਕ ਵਾਰ ਤਾਂ ਦੁਸ਼ਮਣ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗਰਨੇਡਾਂ ਦੀ ਜ਼ੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਕਿਹਾ ਹੋਇਆਂ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬ ਤੋਂ ਕੁਝ ਹੀ ਫੁੱਟ ਦੀ ਦੂਰੀ ਉਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਜੀ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ। ਜਨਰਲ ਸੁਬੇਗ਼ ਸਿੰਘ ਜੀ ਵੀ ਗੁਰੂ ਚਰਨਾਂ ਚ ਜਾ ਬਿਰਾਜੇ ਸਨ। ਅਗਲੇ ਦਿਨ 7 ਜੂਨ ਦੀ ਸ਼ਾਮ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਭਾਈ ਅਮਰੀਕ ਸਿੰਘ ਜੀ ਦੇ ਮ੍ਰਿਤਕ ਸਰੀਰਾਂ ਦਾ ਫੌਜ ਦੀ ਕਰੜੀ ਨਿਗਰਾਨੀ ਹੇਠ ਨਗਰਪਾਲਿਕਾ ਦੇ ਚਾਟੀਵਿੰਡ ਸਮਸ਼ਾਨਘਾਟ ਵਿਖੇ ਦਾਹ ਸੰਸਕਾਰ ਕਰ ਦਿੱਤਾ ਗਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਇਸ ਸ਼ਹਾਦਤ ਨਾਲ ਹੀ ਸਿੱਖ ਸੰਘਰਸ਼ ਦੇ ਇਕ ਦੌਰ ਦੀ ਸਮਾਪਤੀ ਹੋ ਗਈ, ਪਰ ਇਸ ਦੇ ਨਾਲ ਹੀ ਇਕ ਨਵਾਂ ਹੋਣੀ ਭਰਪੂਰ ਦੌਰ ਆਰੰਭ ਹੋ ਗਿਆ। ਇਹਨਾਂ ਸ਼ਹਾਦਤਾਂ ਤੋਂ ਮਿਲੀ ਚੇਤਨਾ ਦੇ ਬਲ ਉੱਤੇ ਖ਼ਾਲਸਾ ਪੰਥ ਨੇ ਭਾਰਤੀ ਨਿਜ਼ਾਮ ਦੇ ਖਿਲਾਫ਼, ਖ਼ਾਲਸਾ ਪਾਤਸ਼ਾਹੀ ਨੂੰ ਸਥਾਪਿਤ ਕਰਨ ਲਈ ਪੂਰਾ ਇਕ ਦਹਾਕਾ ਲਹੂ-ਵੀਟਵੀਂ ਜੰਗ ਲੜੀ। ਅਜੌਕੇ ਸੰਦਰਭ ਵਿਚ ਲੋੜ ਇਸ ਗੱਲ ਦੀ ਹੈ ਕਿ ਇਹਨਾਂ ਕੁਰਬਾਨੀਆਂ ਦੇ ਸਦਕਾ ਹੋਏ ਡੂੰਘੇ ਤਜ਼ਰਬੇ ਦੀਆਂ ਜੜ੍ਹਾਂ ਨੂੰ ਕੌਮ ਅੰਦਰ ਮਜ਼ਬੂਤੀ ਨਾਲ ਲਾਇਆ ਜਾਵੇ। ਇਸ ਅਭਿਆਸ ਵਿਚੋਂ ਹੀ ਖ਼ਾਲਸਾ ਰਾਜ ਦਾ ਸੂਰਜ ਚੜ੍ਹੇਗਾ। ਜੋ ਖ਼ਾਲਸਾ ਸਭਿਅਤਾ ਦੇ ਪ੍ਰਕਾਸ਼ ਨੂੰ ਇਸ ਦੁਨੀਆਂ ‘ਚ ਪਹੁੰਚਾਏਗਾ।