ਕੇਜਰੀਵਾਲ ਸਰਕਾਰ ਦੇ ਆਦੇਸ਼ਾਂ ਅਨੁਸਾਰ 18 ਜਨਵਰੀ ਤੋਂ ਖੁੱਲ੍ਹ ਸਕਦੇ ਨੇ 10 ਵੀਂ ਅਤੇ 12 ਵੀਂ ਦੇ ਸਕੂਲ

ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਸੰਕਟ ਕਾਰਨ 9 ਮਹੀਨੇ ਤੋਂ ਬੰਦ ਪਏ ਸਕੂਲ 18 ਜਨਵਰੀ ਤੋਂ ਖੁੱਲ੍ਹ ਸਕਦੇ ਹਨ। ਕੇਜਰੀਵਾਲ ਸਰਕਾਰ ਨੇ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਦੀ ਤਰਫੋਂ ਪੂਰੀ ਸਾਵਧਾਨੀ ਦੇ ਚੱਲਦਿਆਂ 9 ਵੀਂ ਤੋਂ 12 ਵੀਂ ਤੱਕ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।ਬੁੱਧਵਾਰ ਨੂੰ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ 18 ਜਨਵਰੀ ਤੋਂ ਸਿਰਫ 10 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਬੁਲਾ ਸਕਦੇ ਹਨ। ਹਾਲਾਂਕਿ, ਇਸਦੇ ਲਈ ਮਾਪਿਆਂ ਦੀ ਆਗਿਆ ਲੈਣੀ ਜ਼ਰੂਰੀ ਹੋਵੇਗੀ। ਦਰਅਸਲ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਬੋਰਡ ਦੀ ਪ੍ਰੀਖਿਆ ਦੇ ਮੱਦੇਨਜ਼ਰ ਸਕੂਲ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਾਂ।ਸਿਸੋਦੀਆ ਨੇ ਕਿਹਾ ਸੀ ਕਿ ਦਿੱਲੀ ਵਿਚ ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ, ਖ਼ਾਸਕਰ ਬੋਰਡ ਦੀਆਂ ਕਲਾਸਾਂ ਲਈ ਕਿਉਂਕਿ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ 16 ਮਾਰਚ 2020 ਨੂੰ ਦਿੱਲੀ ਵਿਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਸਨ।