ਪੰਜਾਬ ’ਚ ਪਰਾਲੀ ਸਾੜਨ ਦੀ ਘਟਨਾਵਾਂ ਵਧੀਆਂ, ਇੱਕੋ ਦਿਨ ’ਚ 151 ਮਾਮਲੇ ਦਰਜ

ਪਟਿਆਲਾ: ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ਵਿੱਚ ਹੁਣ ਤੱਕ ਅੱਗ ਲਗਾਉਣ ਦੇ 2,347 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇੱਕ ਦਿਨ ਵਿੱਚ ਹੀ 151 ਘਟਨਾਵਾਂ ਸਾਹਮਣੇ ਆਈਆਂ ਹਨ। ਖੇਤਾਂ ਵਿੱਚ ਲੱਗ ਰਹੀ ਅੱਗ ਦਾ ਅਸਰ ਹੁਣ ਸ਼ਹਿਰਾਂ ਦੀ ਹਵਾ ’ਤੇ ਵੀ ਪੈਣ ਲੱਗਾ ਹੈ ਅਤੇ ਕਈ ਥਾਵਾਂ ’ਤੇ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ ਪਹੁੰਚ ਗਈ ਹੈ।ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਤਰਨਤਾਰਨ ਵਿੱਚ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 558 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਫ਼ਿਰੋਜ਼ਪੁਰ 316 ਮਾਮਲਿਆਂ ਨਾਲ ਦੂਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 207, ਬਠਿੰਡਾ ਵਿੱਚ 167 ਅਤੇ ਸੰਗਰੂਰ ਵਿੱਚ 163 ਮਾਮਲੇ ਸਾਹਮਣੇ ਆਏ ਹਨ।ਗੁਰਦਾਸਪੁਰ ਅਤੇ ਕਪੂਰਥਲਾ ਵਿੱਚ 118-118, ਜਦਕਿ ਪਟਿਆਲਾ ਵਿੱਚ 110 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਬਰਨਾਲਾ ਵਿੱਚ 83, ਫ਼ਰੀਦਕੋਟ ਅਤੇ ਜਲੰਧਰ ਵਿੱਚ 67-67, ਲੁਧਿਆਣਾ ਵਿੱਚ 65 ਅਤੇ ਫ਼ਾਜ਼ਿਲਕਾ ਵਿੱਚ 54 ਮਾਮਲੇ ਸਾਹਮਣੇ ਆਏ ਹਨ।ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਵਿੱਚ 51, ਮੋਗਾ ਵਿੱਚ 47, ਮਾਨਸਾ ਵਿੱਚ 43, ਸ੍ਰੀ ਮੁਕਤਸਰ ਸਾਹਿਬ ਵਿੱਚ 35, ਫ਼ਤਹਿਗੜ੍ਹ ਸਾਹਿਬ ਵਿੱਚ 33, ਹੁਸ਼ਿਆਰਪੁਰ ਵਿੱਚ 18, ਮੋਹਾਲੀ ਵਿੱਚ 14, ਨਵਾਂਸ਼ਹਿਰ ਵਿੱਚ 8, ਰੋਪੜ ਵਿੱਚ 4 ਅਤੇ ਪਠਾਨਕੋਟ ਵਿੱਚ ਪਰਾਲੀ ਸਾੜਨ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ।ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਹੀ ਪਰਾਲੀ ਸਾੜਨ ਦੇ ਕੁੱਲ 874 ਮਾਮਲੇ ਦਰਜ ਹੋਏ ਹਨ। ਇਹ ਸੂਬੇ ਦੇ ਕੁੱਲ ਮਾਮਲਿਆਂ ਦਾ ਲਗਭਗ 37.2 ਫ਼ੀਸਦੀ ਬਣਦਾ ਹੈ। ਜੇਕਰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਨਾਲ ਅੰਮ੍ਰਿਤਸਰ ਦੇ ਅੰਕੜੇ ਵੀ ਜੋੜੇ ਜਾਣ ਤਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਕੁੱਲ 1,081 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਹ ਪੰਜਾਬ ਦੇ ਕੁੱਲ ਮਾਮਲਿਆਂ ਦਾ ਕਰੀਬ 46 ਫ਼ੀਸਦੀ ਹੈ।ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿੱਤੇ ਗਏ ਅੰਕੜਿਆਂ ਮੁਤਾਬਕ ਪਟਿਆਲਾ ਦਾ ਏਅਰ ਕੁਆਲਿਟੀ ਇੰਡੈਕਸ (AQI) 240 ਦਰਜ ਕੀਤਾ ਗਿਆ ਹੈ, ਜੋ ਸੂਬੇ ਵਿੱਚ ਸਭ ਤੋਂ ਵੱਧ ਹੈ।ਖੰਨਾ ਵਿੱਚ AQI 233 ਅਤੇ ਲੁਧਿਆਣਾ ਵਿੱਚ 219 ਰਿਹਾ। ਇਨ੍ਹਾਂ ਤਿੰਨਾਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਜਲੰਧਰ ਦਾ AQI 179 ਅਤੇ ਅੰਮ੍ਰਿਤਸਰ ਦਾ 154 ਰਿਹਾ, ਜੋ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ।ਦੂਜੇ ਪਾਸੇ ਰੋਪੜ ਵਿੱਚ AQI ਸਿਰਫ਼ 57 ਦਰਜ ਕੀਤਾ ਗਿਆ, ਜਿਸ ਕਾਰਨ ਇੱਥੇ ਸੂਬੇ ਦੀ ਸਭ ਤੋਂ ਸਾਫ਼ ਹਵਾ ਦਰਜ ਕੀਤੀ ਗਈ ਹੈ। ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਹਵਾ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।