ਪਸ਼ੂਆਂ ਦੇ ਸ਼ੈੱਡ ‘ਚ ਅਚਾਨਕ ਆਇਆ ਕਰੰਟ, 4 ਮੱਝਾਂ ਦੀ ਮੌਤ

ਭਵਾਨੀਗੜ੍ਹ: ਪਿੰਡ ਬਲਿਆਲ ਵਿੱਚ ਅੱਜ ਸਵੇਰੇ ਕਰੰਟ ਲੱਗਣ ਕਾਰਨ 4 ਮੱਝਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਮੀਤ ਸਿੰਘ ਭੋਲਾ ਨੇ ਦੱਸਿਆ ਕਿ ਪਿੰਡ ਦੇ ਇੱਕ ਗਰੀਬ ਅਤੇ ਦਲਿਤ ਪਰਿਵਾਰ ਨਾਲ ਸਬੰਧਤ ਤਰਸੇਮ ਸਿੰਘ ਪੁੱਤਰ ਬੁੱਧ ਸਿੰਘ ਨੇ ਆਪਣੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸ਼ੈੱਡ ਅਤੇ ਚਾਰਾ ਖੁਆਉਣ ਲਈ ਖੁਰਲੀ ਬਣਾਈ ਹੋਈ ਹੈ। ਅੱਜ ਸਵੇਰੇ ਅਚਾਨਕ ਸ਼ੈੱਡ ਅਤੇ ਖੁਰਲੀ ਵਿੱਚ ਕਰੰਟ ਆ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਉੱਥੇ ਬੰਨ੍ਹੀਆਂ ਚਾਰ ਮੱਝਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੀੜਤ ਤਰਸੇਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਏ ਆਰਥਿਕ ਨੁਕਸਾਨ ਦੇ ਬਦਲੇ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।