ਦਿਲਜੀਤ ਦੋਸਾਂਝ ਦਾ ‘Aura India Tour 2026’ ਹੋਇਆ ਅਨਾਊਂਸ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਦਿਲਜੀਤ ਆਪਣੇ ਬਹੁ-ਚਰਚਿਤ ‘Aura India Tour 2026’ ਰਾਹੀਂ ਦੇਸ਼ ਦੇ 7 ਸ਼ਹਿਰਾਂ ਵਿੱਚ ਲਾਈਵ ਪਰਫਾਰਮ ਕਰਨ ਜਾ ਰਹੇ ਹਨ। ਇਹ ਮਿਊਜ਼ਿਕ ਟੂਰ ਨਵੰਬਰ ਅਤੇ ਦਸੰਬਰ ਦੌਰਾਨ ਹੋਵੇਗਾ।ਦਿਲਜੀਤ ਨੇ ਕੁਝ ਸਮਾਂ ਪਹਿਲਾਂ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਪਰਫਾਰਮ ਕਰਦਿਆਂ ਭਾਰਤ ਵਿੱਚ ਆਪਣੇ ਅਗਲੇ ਟੂਰ ਦਾ ਐਲਾਨ ਕੀਤਾ ਸੀ। ਹੁਣ ਟੂਰ ਨਾਲ ਜੁੜੀਆਂ ਤਾਰੀਖਾਂ ਅਤੇ ਟਿਕਟਾਂ ਦੀ ਵਿਕਰੀ ਸਬੰਧੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।‘Aura India Tour 2026’ ਦੀ ਸ਼ੁਰੂਆਤ 1 ਨਵੰਬਰ ਨੂੰ ਦਿੱਲੀ-ਐਨਸੀਆਰ ਤੋਂ ਹੋਵੇਗੀ। ਇਸ ਤੋਂ ਬਾਅਦ ਦਿਲਜੀਤ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ ਅਤੇ ਲਖਨਊ ਵਿੱਚ ਲਾਈਵ ਸ਼ੋਅ ਕਰਨਗੇ।ਚੰਡੀਗੜ੍ਹ ਨੂੰ ਵੀ ਟੂਰ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਸ਼ੋਅ ਦੀ ਤਾਰੀਖ ਅਤੇ ਹੋਰ ਵੇਰਵਿਆਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਣਾ ਹੈ।ਟੂਰ ਦਾ ਅਹਿਮ ਪੜਾਅ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਪੂਰਾ ਟੂਰ ਲਗਭਗ 6 ਹਫ਼ਤਿਆਂ ਦੌਰਾਨ 7 ਸ਼ਹਿਰਾਂ ਤੱਕ ਪਹੁੰਚੇਗਾ।ਕੰਸਰਟ ਦੀਆਂ ਟਿਕਟਾਂ BookMyShow ਰਾਹੀਂ ਉਪਲਬਧ ਹੋਣਗੀਆਂ। ਜਾਣਕਾਰੀ ਮੁਤਾਬਕ ਕੁਝ ਪ੍ਰਸ਼ੰਸਕਾਂ ਲਈ ਲਿਮਟਿਡ ਪ੍ਰੀ-ਸੇਲ 6 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।ਆਪਣੇ ਭਾਰਤ ਦੌਰੇ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਉਤਸ਼ਾਹ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਦੇਸ਼ ਵਿੱਚ ਪਰਫਾਰਮ ਕਰਨ ਦਾ ਅਨੁਭਵ ਵੱਖਰਾ ਹੁੰਦਾ ਹੈ ਅਤੇ ਇਸ ਟੂਰ ਰਾਹੀਂ ਉਨ੍ਹਾਂ ਨੂੰ ਇੱਕ ਵਾਰ ਫਿਰ ਆਪਣੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਸ਼ੰਸਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ।ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦਾ ਪਿਆਰ ਹਮੇਸ਼ਾ ਉਨ੍ਹਾਂ ਦੇ ਨਾਲ ਰਿਹਾ ਹੈ ਅਤੇ ਹੁਣ ਉਹ ਖੁਦ ਉਨ੍ਹਾਂ ਦੇ ਸ਼ਹਿਰਾਂ ਵਿੱਚ ਪਹੁੰਚ ਕੇ ਇਹ ਸਾਂਝ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਹਨ।ਟੂਰ ਦੌਰਾਨ ਦਿਲਜੀਤ ਆਪਣੇ ਚਰਚਿਤ ਗੀਤਾਂ ਅਤੇ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੇ ਲੋਕਪ੍ਰਿਯ ਗੀਤਾਂ ਵਿੱਚ ‘G.O.A.T.’, ‘Ik Kudi’, ‘Lalkaara’, ‘Lover’, ‘5 Taara’, ‘Case’ ਅਤੇ ‘Water’ ਸ਼ਾਮਲ ਹਨ।ਇਸ ਟੂਰ ਦਾ ਨਿਰਮਾਣ BookMyShow Live ਅਤੇ Live Nation ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ। ਦਿਲਜੀਤ ਇਸ ਤੋਂ ਪਹਿਲਾਂ ਮੈਡੀਸਨ ਸਕਵੇਅਰ ਗਾਰਡਨ ਅਤੇ ਵੈਂਬਲੀ ਸਟੇਡੀਅਮ ਵਰਗੇ ਵੱਡੇ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਪਰਫਾਰਮ ਕਰ ਚੁੱਕੇ ਹਨ।
SikhDiary