ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਦੀ ਮਿਲੀ ਧਮਕੀ

ਚੰਡੀਗੜ੍ਹ: ਸੈਕਟਰ-1 ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਸੂਤਰਾਂ ਮੁਤਾਬਕ ਧਮਕੀ ਭਰੀ ਈ-ਮੇਲ ਹਾਈਕੋਰਟ ਦੇ ਰਜਿਸਟਰਾਰ ਦੀ ਅਧਿਕਾਰਤ ਈ-ਮੇਲ ਆਈਡੀ ’ਤੇ ਭੇਜੀ ਗਈ।ਧਮਕੀ ਮਿਲਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਹਾਈਕੋਰਟ ਕੰਪਲੈਕਸ ਵਿੱਚ ਵਕੀਲਾਂ ਅਤੇ ਕਰਮਚਾਰੀਆਂ ਦੀ ਐਂਟਰੀ ਰੋਕ ਦਿੱਤੀ ਗਈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੂੰ ਮੌਕੇ ’ਤੇ ਬੁਲਾ ਕੇ ਪੂਰੇ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ।ਸੰਭਾਵਿਤ ਐਮਰਜੰਸੀ ਸਥਿਤੀ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਧਮਕੀ ਦੀ ਗੰਭੀਰਤਾ ਅਤੇ ਈ-ਮੇਲ ਦੇ ਸਰੋਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ, ਇਸ ਤਾਜ਼ਾ ਧਮਕੀ ਸਬੰਧੀ ਅਜੇ ਤੱਕ ਕਿਸੇ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।