ਹੁਣ ਐਨ.ਆਈ.ਏ. ਕਰੇਗੀ ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ
ਪੰਜਾਬ : ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਇਸ ਮਾਮਲੇ ਦੀ ਜਾਂਚ ਹੁਣ ਐਨ.ਆਈ.ਏ. ਕਰੇਗੀ। ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਸੂਬਾ ਹੈੱਡਕੁਆਰਟਰ ’ਤੇ 1 ਅਪਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਜਾਂਚ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਸ ਐਨ.ਆਈ.ਏ. ਨੂੰ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਆਈ.ਏ. ਨੇ ਨਵੀਂ ਐਫ.ਆਈ.ਆਰ. ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ। ਐਨ.ਆਈ.ਏ. ਨੇ ਕੇਸ ਨਾਲ ਸਬੰਧਤ ਰਿਕਾਰਡ ਹਾਸਲ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਮਾਮਲੇ ਨਾਲ ਸਬੰਧਤ ਸਾਰੇ ਨਿਆਂਇਕ ਰਿਕਾਰਡ ਨੂੰ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਰਿਕਾਰਡ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ 13 ਜੁਲਾਈ ਨੂੰ ਦਾਖ਼ਲ ਕੀਤੀ ਗਈ ਚਾਰਜਸ਼ੀਟ, ਕੇਸ ਨਾਲ ਸਬੰਧਤ ਅਹਿਮ ਦਸਤਾਵੇਜ਼, ਅਧੂਰੀ ਜਾਂਚ ਨਾਲ ਸਬੰਧਤ ਕਾਗਜ਼ਾਤ ਅਤੇ ਹੁਣ ਤੱਕ ਕੀਤੀ ਅਦਾਲਤੀ ਕਾਰਵਾਈ ਦਾ ਰਿਕਾਰਡ ਸ਼ਾਮਲ ਹੈ। ਇਸ ਦੇ ਨਾਲ ਹੀ ਜੇਲ੍ਹ ਵਿੱਚ ਬੰਦ 11 ਮੁਲਜ਼ਮਾਂ ਨੂੰ ਵੀ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਵਰਨਣਯੋਗ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਇਸ ਹਮਲੇ ਵਿੱਚ ਪੁਰਤਗਾਲ, ਫਰਾਂਸ ਅਤੇ ਜਰਮਨੀ ਨਾਲ ਸਬੰਧਤ ਹੈਂਡਲਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ਵਿਦੇਸ਼ ਬੈਠੇ ਇਨ੍ਹਾਂ ਹੈਂਡਲਰਜ਼ ਨੇ ਹਮਲੇ ਲਈ ਵੱਖ-ਵੱਖ ਕਿਸ਼ਤਾਂ ‘ਚ ਕਰੀਬ ਡੇਢ ਲੱਖ ਰੁਪਏ ਭੇਜੇ ਸਨ। ਹਮਲਾਵਰਾਂ ਗੁਰਤੇਜ ਉਰਫ਼ ਤੇਜੀ ਅਤੇ ਅਮਨਪ੍ਰੀਤ ਸਿੰਘ ਉਰਫ਼ ਅਮਨ ਨੂੰ 5-5 ਹਜ਼ਾਰ ਰੁਪਏ ਅਤੇ ਅਮਨਪ੍ਰੀਤ ਦੇ ਖਾਤੇ ਵਿੱਚ 10-10 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ। ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀ ਤੇਜੀ ਅਤੇ ਅਮਨ ਪਹਿਲਾਂ ਖਾਟੂ ਸ਼ਿਆਮ ਅਤੇ ਫਿਰ ਰੇਵਾੜੀ ਪਹੁੰਚੇ ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਸਾਜ਼ਿਸ਼ ਬਲਜੋਤ ਸਿੰਘ ਨੇ ਪੁਰਤਗਾਲ ‘ਚ ਬੈਠ ਕੇ ਰਚੀ ਸੀ, ਜਿਸ ‘ਚ ਫਰਾਂਸ ਤੋਂ ਸੁਰਜੀਤ ਉਰਫ ਸਰਪੰਚ ਅਤੇ ਜਰਮਨੀ ਤੋਂ ਔਜਲਾ ਨੇ ਉਸ ਦਾ ਸਾਥ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ 2 ਹੈਂਡ ਗ੍ਰੇਨੇਡ, ਇਕ ਪਿਸਤੌਲ ਅਤੇ 25-30 ਕਾਰਤੂਸ ਭਾਰਤ ਪਹੁੰਚਾਏ ਗਏ ਸਨ।
SikhDiary