ਫਰੀਦਕੋਟ ‘ਚ ਮੋਬਾਈਲ ਫੋਨ ਹੈਕ ਕਰਕੇ ਬੈਂਕ ਖਾਤੇ ‘ਚੋਂ ਕੱਢੇ1 ਲੱਖ 90 ਹਜ਼ਾਰ ਰੁਪਏ

ਫਰੀਦਕੋਟ : ਸਾਈਬਰ ਅਪਰਾਧੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਆਮ ਲੋਕਾਂ ਤੋਂ ਬਾਅਦ ਹੁਣ ਪੁਲਿਸ ਵਿਭਾਗ ਦੇ ਮੁਲਾਜ਼ਮ ਵੀ ਸਾਈਬਰ ਠੱਗਾਂ ਦੇ ਨਿਸ਼ਾਨੇ ’ਤੇ ਆਉਣ ਲੱਗੇ ਹਨ। ਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਵਿੱਚ ਸਾਹਮਣੇ ਆਇਆ ਹੈ, ਜਿੱਥੇ ਸਾਈਬਰ ਠੱਗਾਂ ਨੇ ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਵਿੱਚ ਤਾਇਨਾਤ ਇੱਕ ਮੁਲਾਜ਼ਮ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਬੈਂਕ ਖਾਤੇ ਵਿੱਚੋਂ 1 ਲੱਖ 90 ਹਜ਼ਾਰ ਰੁਪਏ ਕੱਢ ਲਏ। ਇਸ ਸਬੰਧੀ ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਡੋਗਰ ਬਸਤੀ, ਫਰੀਦਕੋਟ ਦੇ ਰਹਿਣ ਵਾਲੇ ਗੁਰਮੀਤ ਸਿੰਘ ਕੈਂਥ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਸੀ.ਆਈ.ਡੀ. ਵਿਭਾਗ ਵਿੱਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ 17 ਅਕਤੂਬਰ 2026 ਨੂੰ ਦੁਪਹਿਰ ਕਰੀਬ 1 ਵਜੇ ਜਦੋਂ ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਮੋਬਾਈਲ ਫੋਨ ਆਪਣੇ ਆਪ ਅਪਡੇਟ ਹੋਣ ਲੱਗ ਪਿਆ। ਅਪਡੇਟ ਹੋਣ ਤੋਂ ਬਾਅਦ ਮੋਬਾਈਲ ਫੋਨ ਆਪਣੇ ਆਪ ਚੱਲਣ ਲੱਗ ਪਿਆ। ਇਸੇ ਤਰ੍ਹਾਂ 18 ਅਕਤੂਬਰ ਨੂੰ ਦੁਪਹਿਰ ਕਰੀਬ 1 ਵਜੇ ਉਸ ਦਾ ਮੋਬਾਈਲ ਫੋਨ ਦੁਬਾਰਾ ਅਪਡੇਟ ਹੋਇਆ ਅਤੇ ਇਸ ਤੋਂ ਬਾਅਦ ਫਿਰ ਆਪਣੇ ਆਪ ਚੱਲਣ ਲੱਗ ਪਿਆ।ਸ਼ਿਕਾਇਤਕਰਤਾ ਅਨੁਸਾਰ ਕੁਝ ਸਮੇਂ ਬਾਅਦ ਉਸ ਦੇ ਮੋਬਾਈਲ ਫੋਨ ’ਤੇ ਐੱਚ.ਡੀ.ਐੱਫ.ਸੀ. ਬੈਂਕ ਖਾਤੇ ਵਿੱਚੋਂ ਪਹਿਲਾਂ 45 ਹਜ਼ਾਰ ਰੁਪਏ ਅਤੇ ਫਿਰ 50 ਹਜ਼ਾਰ ਰੁਪਏ ਕੱਟੇ ਜਾਣ ਦੇ ਮੈਸੇਜ ਪ੍ਰਾਪਤ ਹੋਏ। ਇਸ ਤੋਂ ਬਾਅਦ ਜਦੋਂ ਉਸ ਨੇ ਗੂਗਲ-ਪੇਅ ਰਾਹੀਂ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 17 ਅਕਤੂਬਰ ਨੂੰ ਵੀ ਉਸ ਦੇ ਖਾਤੇ ਵਿੱਚੋਂ ਕੁੱਲ 95 ਹਜ਼ਾਰ ਰੁਪਏ ਕੱਢੇ ਜਾ ਚੁੱਕੇ ਸਨ। ਇਸ ਤਰ੍ਹਾਂ ਸਾਈਬਰ ਠੱਗਾਂ ਨੇ ਦੋ ਦਿਨਾਂ ਦੌਰਾਨ ਉਸ ਦੇ ਬੈਂਕ ਖਾਤੇ ਵਿੱਚੋਂ ਕੁੱਲ 1 ਲੱਖ 90 ਹਜ਼ਾਰ ਰੁਪਏ ਦੀ ਰਕਮ ਕੱਢ ਕੇ ਠੱਗੀ ਨੂੰ ਅੰਜਾਮ ਦਿੱਤਾ।ਠੱਗੀ ਦਾ ਪਤਾ ਲੱਗਦਿਆਂ ਹੀ ਪੀੜਤ ਨੇ ਤੁਰੰਤ ਸਾਈਬਰ ਅਪਰਾਧ ਸਬੰਧੀ ਹੈਲਪਲਾਈਨ ਨੰਬਰ 1930 ’ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਮੋਬਾਈਲ ਫੋਨ ਹੈਕ ਕਰਕੇ ਬੈਂਕ ਖਾਤੇ ਵਿੱਚੋਂ ਰਕਮ ਕੱਢ ਲਈ ਸੀ। ਇਸ ਮਾਮਲੇ ਵਿੱਚ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਕ੍ਰਾਈਮ ਵਿੰਗ ਮੋਹਾਲੀ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ ਫਰੀਦਕੋਟ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗੀ ਦੀ ਰਕਮ ਕਿਹੜੇ-ਕਿਹੜੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋਈ, ਇਸ ਦਾ ਪਤਾ ਲਗਾਉਣ ਲਈ ਸਬੰਧਤ ਬੈਂਕ ਖਾਤਿਆਂ ਦੇ ਲੈਣ-ਦੇਣ ਸਬੰਧੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।