ਢਾਬੇ ’ਤੇ ਮਾਮੂਲੀ ਤਕਰਾਰ ਪਈ ਭਾਰੀ, 4 ਦੋਸਤਾਂ ਨੂੰ ਬੰਦੀ ਬਣਾ ਕੇ ਕੁੱਟਿਆ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਇਕ ਢਾਬੇ ’ਤੇ ਖਾਣਾ ਦੇਣ ਵਿੱਚ ਦੇਰੀ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਚਾਰ ਦੋਸਤਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦੇ ਦੋਸ਼ਾਂ ਮੁਤਾਬਕ, ਢਾਬਾ ਮਾਲਕ ਅਤੇ ਉਸ ਦੇ ਸਾਥੀਆਂ ਨੇ ਚਾਰਾਂ ਨੂੰ ਬੰਦੀ ਬਣਾ ਕੇ ਕੁੱਟਿਆ, ਉਨ੍ਹਾਂ ਦੀ ਵੀਡੀਓ ਬਣਾਈ ਅਤੇ ਬਾਅਦ ਵਿੱਚ ਫਾਰਮ ਹਾਊਸ ਲਿਜਾ ਕੇ ਵੀ ਹਮਲਾ ਕੀਤਾ। ਪੁਲਿਸ ਨੇ ਢਾਬਾ ਮਾਲਕ, ਉਸ ਦੇ ਪੁੱਤਰ ਅਤੇ ਭਤੀਜੇ ਸਮੇਤ ਕਰੀਬ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਪਾਪੜਾ, ਜ਼ਿਲ੍ਹਾ ਸੰਗਰੂਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਰਬਨ ਅਸਟੇਟ ਫੇਜ਼-2 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਦੇ ਦੋਸਤ ਰਾਏਪ੍ਰੀਤ ਸਿੰਘ, ਫਿਰੋਜ਼ ਖ਼ਾਨ ਅਤੇ ਜਸਪ੍ਰੀਤ ਸਿੰਘ ਉਸ ਨੂੰ ਮਿਲਣ ਆਏ ਹੋਏ ਸਨ। ਉਹ ਚਾਰੋਂ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਜ਼ਿਮੀਂਦਾਰਾ ਢਾਬੇ ’ਤੇ ਖਾਣਾ ਖਾਣ ਗਏ ਸਨ।ਸ਼ਿਕਾਇਤ ਮੁਤਾਬਕ, ਖਾਣਾ ਆਉਣ ਵਿੱਚ ਦੇਰੀ ਹੋਣ ਕਾਰਨ ਜਦੋਂ ਉਨ੍ਹਾਂ ਨੇ ਵੇਟਰ ਨਾਲ ਗੱਲ ਕੀਤੀ ਤਾਂ ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਢਾਬਾ ਮਾਲਕ ਸੁਖਵਿੰਦਰ ਸਿੰਘ ਆਪਣੇ ਪੁੱਤਰ ਹੈਰੀ ਸਿੰਘ, ਭਤੀਜੇ ਦਿਲਪ੍ਰੀਤ ਸਿੰਘ ਅਤੇ 8 ਤੋਂ 10 ਹੋਰ ਵਿਅਕਤੀਆਂ ਨਾਲ ਉੱਥੇ ਪਹੁੰਚ ਗਿਆ।ਹਰਦੀਪ ਸਿੰਘ ਦੇ ਦੋਸ਼ਾਂ ਅਨੁਸਾਰ, ਮੁਲਜ਼ਮਾਂ ਨੇ ਚਾਰਾਂ ਦੋਸਤਾਂ ਨੂੰ ਢਾਬੇ ਦੇ ਪਿਛਲੇ ਕਮਰੇ ਵਿੱਚ ਬੰਦੀ ਬਣਾ ਲਿਆ ਅਤੇ ਡੰਡਿਆਂ ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕੀਤੀ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਨੰਗਾ ਕਰਕੇ ਵੀਡੀਓ ਬਣਾਈ ਗਈ ਅਤੇ ਲੱਤਾਂ ਬੰਨ੍ਹ ਕੇ ਗੱਡੀ ਵਿੱਚ ਪਾ ਕੇ ਸੰਗਰੂਰ ਰੋਡ ਸਥਿਤ ਇਕ ਫਾਰਮ ਹਾਊਸ ਵਿੱਚ ਲਿਜਾਇਆ ਗਿਆ, ਜਿੱਥੇ ਬੈਲਟਾਂ ਨਾਲ ਵੀ ਕੁੱਟਮਾਰ ਕੀਤੀ ਗਈ।ਸ਼ਿਕਾਇਤ ਮੁਤਾਬਕ, ਇਸ ਦੌਰਾਨ ਸੁਖਵਿੰਦਰ ਸਿੰਘ ਨੇ ਜਸਪ੍ਰੀਤ ਸਿੰਘ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਬਾਅਦ ਵਿੱਚ ਇਕ ਡਾਕਟਰ ਨੂੰ ਬੁਲਾ ਕੇ ਉਸ ਦੇ ਸਿਰ ’ਤੇ ਟਾਂਕੇ ਲਗਵਾਏ ਗਏ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਫਿਰੋਜ਼ ਖ਼ਾਨ ਦਾ ਮੋਬਾਈਲ ਫੋਨ, ਜਸਪ੍ਰੀਤ ਸਿੰਘ ਦੇ 10 ਹਜ਼ਾਰ ਰੁਪਏ ਅਤੇ ਸੋਨੇ ਦੀ ਵਾਲੀ ਤੋਂ ਇਲਾਵਾ ਉਸ ਦੀ ਜੇਬ ਵਿੱਚੋਂ 16 ਹਜ਼ਾਰ ਰੁਪਏ ਵੀ ਲੈ ਗਏ।ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਚਾਰਾਂ ਨੂੰ ਪਿੰਡ ਮੈਣ ਨੇੜੇ ਸੰਗਰੂਰ ਬਾਈਪਾਸ ’ਤੇ ਛੱਡ ਕੇ ਮੁਲਜ਼ਮ ਫ਼ਰਾਰ ਹੋ ਗਏ।ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਸੁਖਵਿੰਦਰ ਸਿੰਘ, ਹੈਰੀ ਸਿੰਘ, ਦਿਲਪ੍ਰੀਤ ਸਿੰਘ ਅਤੇ 8 ਤੋਂ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 109, 115(2), 127(2), 140(3), 351, 190 ਅਤੇ 191(2), 191(3) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
SikhDiary