2 ਮੈਡੀਕਲ ਸਟੋਰਾਂ ਦੇ ਪ੍ਰਚੂਨ ਡਰੱਗ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ

ਅੰਮ੍ਰਿਤਸਰ: ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਦੀਆਂ ਹਦਾਇਤਾਂ ‘ਤੇ ਡਰੱਗ ਵਿੰਗ ਨੇ ਡਰੱਗ ਐਂਡ ਕਾਸਮੈਟਿਕਸ ਐਕਟ ਤਹਿਤ ਬਣਾਏ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਦੇ ਮਾਮਲੇ ‘ਚ 2 ਮੈਡੀਕਲ ਸਟੋਰਾਂ ਦੇ ਪ੍ਰਚੂਨ ਡਰੱਗ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਹਨ। ਇਸ ਦੇ ਨਾਲ ਹੀ 2 ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਦੇ ਡਰੱਗ ਲਾਈਸੈਂਸ ਡਰੱਗ ਰੂਲਜ਼-1945 ਦੀ ਉਲੰਘਣਾ ਕਰਨ ‘ਤੇ 45-45 ਦਿਨਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ। ਜ਼ੋਨਲ ਲਾਇਸੈਂਸਿੰਗ ਅਥਾਰਟੀ ਕੁਲਵਿੰਦਰ ਸਿੰਘ ਵੱਲੋਂ ਕੀਤੀ ਕਾਰਵਾਈ ਦੇ ਤਹਿਤ ਸੰਧੂ ਮੈਡੀਕੋਜ਼ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਤਰਨਤਾਰਨ ਅਤੇ ਬ੍ਰਦਰ ਮੈਡੀਕਲ ਸਟੋਰ ਪਿੰਡ ਖੁਰਮਣੀਆ ਅੰਮ੍ਰਿਤਸਰ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।ਜਾਣਕਾਰੀ ਅਨੁਸਾਰ 27 ਅਗਸਤ 2026 ਨੂੰ ਡਰੱਗ ਕੰਟਰੋਲ ਅਫ਼ਸਰ ਤਰਨਤਾਰਨ ਹਰਪ੍ਰੀਤ ਸਿੰਘ ਨੇ ਸੰਧੂ ਮੈਡੀਕੋਜ਼ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਅਧਿਕਾਰੀ ਨੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਦਾ ਖਰੀਦ-ਵੇਚ ਦਾ ਰਿਕਾਰਡ ਪੇਸ਼ ਨਹੀਂ ਕੀਤਾ। ਜਿਸ ‘ਤੇ ਇਨ੍ਹਾਂ 3 ਦਵਾਈਆਂ ਨੂੰ ਜ਼ਬਤ ਕਰ ਲਿਆ ਗਿਆ। ਇਸ ਵਿੱਚ ਮੁੱਖ ਤੌਰ ‘ਤੇ ਪ੍ਰੀਗਾਬਾਲਿਨ ਦਵਾਈ ਸ਼ਾਮਲ ਸੀ। ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦੁਕਾਨ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ ਸੀ।ਇਸੇ ਤਰ੍ਹਾਂ 11 ਸਤੰਬਰ 2026 ਨੂੰ ਡਰੱਗ ਕੰਟਰੋਲ ਅਫ਼ਸਰ ਅੰਮ੍ਰਿਤਸਰ-5 ਗੁਰਦੀਪ ਸਿੰਘ ਨੇ ਪਿੰਡ ਖੁਰਮਣੀਆਂ ਦੇ ਨਾਨਕਸਰ ਗੇਟ ਨੇੜੇ ਸਥਿਤ ਬ੍ਰਦਰ ਮੈਡੀਕਲ ਸਟੋਰ ਦੀ ਅਚਨਚੇਤ ਜਾਂਚ ਕੀਤੀ। ਨਿਰੀਖਣ ਦੌਰਾਨ 4 ਕਿਸਮ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਜਿਸ ਵਿੱਚ ਪ੍ਰੇਗਾਬਾਲਿਨ ਦਵਾਈ ਮੁੱਖ ਤੌਰ ‘ਤੇ ਪਾਈ ਗਈ। ਦੁਕਾਨ ਮਾਲਕ ਵੱਲੋਂ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਰਿਕਾਰਡ ਵੀ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਨਿਰੀਖਣ ਸਮੇਂ ਦੋਵਾਂ ਫਰਮਾਂ ਵਿੱਚ ਫਾਰਮਾਸਿਸਟ ਵੀ ਮੌਜੂਦ ਨਹੀਂ ਸਨ।ਦੋਵਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਪਰ ਜ਼ਬਤ ਕੀਤੀਆਂ ਦਵਾਈਆਂ ਦੇ ਰਿਕਾਰਡ ਅਤੇ ਉਲੰਘਣਾ ਸਬੰਧੀ ਸਬੰਧਤ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਲੰਘਣਾਵਾਂ ਦੀ ਗੰਭੀਰਤਾ ਅਤੇ ਜਨਤਕ ਸਿਹਤ ਨੂੰ ਦੇਖਦੇ ਹੋਏ ਜ਼ੋਨਲ ਲਾਇਸੈਂਸਿੰਗ ਅਥਾਰਟੀ ਅੰਮ੍ਰਿਤਸਰ ਨੇ ਦੋਵਾਂ ਫਰਮਾਂ ਦੇ ਡਰੱਗ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ, ਗੁਰੂ ਨਾਨਕ ਨਿਰੰਕਾਰ ਕਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਅਤੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ, ਸਿਵਲ ਹਸਪਤਾਲ, ਤਰਨਤਾਰਨ ਦੇ ਬਾਹਰ ਡਰੱਗਜ਼ ਰੂਲਜ਼-1945 ਦੀ ਉਲੰਘਣਾ ਕਰਕੇ 45-45 ਦਿਨਾਂ ਲਈ ਡਰੱਗ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਡਰੱਗ ਵਿੰਗ, ਐਫ.ਡੀ.ਏ. ਅੰਮ੍ਰਿਤਸਰ ਜ਼ੋਨ ਵੱਲੋਂ ਅਜਿਹੀਆਂ ਉਲੰਘਣਾਵਾਂ ਦੇ ਦੋਸ਼ੀ ਪਾਏ ਗਏ 17 ਕੈਮਿਸਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਵਿਭਾਗ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ।