ਈ.ਡੀ. ਨੇ ਸਨਟੈਕ ਸਿਟੀ ਰੀਅਲ ਅਸਟੇਟ ਪ੍ਰਾਜੈਕਟ ਮਾਮਲੇ ‘ਚ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਕੀਤਾ ਤਲਬ
ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਟੈਕ ਸਿਟੀ ਰੀਅਲ ਅਸਟੇਟ ਪ੍ਰਾਜੈਕਟ ਮਾਮਲੇ ‘ਚ ਜਾਣਕਾਰੀ ਦੇਣ ਲਈ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਤਲਬ ਕੀਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ 10 ਸਤੰਬਰ ਨੂੰ ਪੇਸ਼ ਹੋ ਕੇ ਜ਼ਰੂਰੀ ਵੇਰਵੇ ਦੇਣ ਲਈ ਕਿਹਾ ਗਿਆ ਹੈ। ਇਹ ਸੰਮਨ ਡਾਇਰੈਕਟੋਰੇਟ ਵੱਲੋਂ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਧਾਰਾ 54 ਤਹਿਤ ਜਾਂਚ ਰਿਕਾਰਡ ਸਾਂਝੇ ਕਰਨ ਲਈ ਵਾਰ-ਵਾਰ ਬੇਨਤੀਆਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਈ.ਡੀ ਨੇ ਪਹਿਲਾਂ 27, 29 ਅਤੇ 31 ਅਗਸਤ ਨੂੰ ਪੁਲਿਸ ਜਾਂਚ ਦੇ ਵੇਰਵੇ ਮੰਗੇ ਸਨ। ਹਾਲਾਂਕਿ ਐਸ.ਐਸ.ਪੀ. ਦਫ਼ਤਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।ਈ.ਡੀ ਨੇ ਪਹਿਲਾਂ 1 ਜੁਲਾਈ, 21 ਜੁਲਾਈ, 14 ਅਗਸਤ, 24 ਅਗਸਤ ਅਤੇ 25 ਅਗਸਤ ਨੂੰ ਚਿੱਠੀਆਂ ਅਤੇ ਈਮ-ੇਲਾਂ ਰਾਹੀਂ ਆਪਣੀ ਜਾਂਚ ਦੇ ਨਤੀਜੇ ਮੁਹਾਲੀ ਪੁਲਿਸ ਨੂੰ ਭੇਜੇ ਸਨ। ਇਸ ਦੌਰਾਨ ਨਵੇਂ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਨਵੇਂ ਅਪਰਾਧ ਦਰਜ ਕਰਨ ਦੀ ਬੇਨਤੀ ‘ਤੇ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਨਿਊ ਚੰਡੀਗੜ੍ਹ ਵਿੱਚ ਸਨਟੈਕ ਸਿਟੀ ਪ੍ਰਾਜੈਕਟ ਲਈ ਜ਼ਮੀਨ ਦੇ ਤਬਾਦਲੇ ਦੀ ਪ੍ਰਵਾਨਗੀ ਲੈਣ ਲਈ ਜਾਅਲੀ ਸਹਿਮਤੀ ਪੱਤਰਾਂ ਰਾਹੀਂ ਕਿਸਾਨਾਂ ਨਾਲ ਉਨ੍ਹਾਂ ਦੀ ਜ਼ਮੀਨ ਦੀ ਅਸਲ ਕੀਮਤ ਦਾ ਧੋਖਾ ਕੀਤਾ ਗਿਆ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਉਠਾਇਆ ਗਿਆ ਸੀ।2022 ਦੀ ਐਫ.ਆਈ.ਆਰ. ਦੇ ਅਧਾਰ ‘ਤੇ, ਸਹਿਗਲ ਨੂੰ ਮਨੀ ਲਾਂਡਰਿੰਗ ਜਾਂਚ ਦੌਰਾਨ ਈ.ਡੀ ਦੁਆਰਾ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਲਗਭਗ 348 ਕਰੋੜ ਰੁਪਏ ਦੇ ਕਥਿਤ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਵੀ ਰਿਕਾਰਡ ਤਲਬ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਜਾਂਚ ਅਤੇ ਕਾਰਵਾਈ ਲਈ ਐਸ.ਐਸ.ਪੀ. ਨੂੰ ਤਲਬ ਕੀਤਾ ਗਿਆ ਹੈ।
SikhDiary