ਜੀਰਾ ਦੇ ਪਿੰਡ ਮੱਲੇ ਸ਼ਾਹ ‘ਚ ਗੋਲੀਬਾਰੀ, 4 ਨੌਜਵਾਨ ਜ਼ਖ਼ਮੀ

ਜੀਰਾ: ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਮੱਲੇ ਸ਼ਾਹ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਕਾਂਗਰਸੀ ਵਰਕਰ ਵੱਲੋਂ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਜੀਰਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਅੱਗੇ ਰੈਫਰ ਕੀਤੇ ਜਾਣ ਦੀ ਜਾਣਕਾਰੀ ਹੈ।ਜਾਣਕਾਰੀ ਅਨੁਸਾਰ ਇੱਕ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋਈ ਸੀ, ਜਿਸ ਸਬੰਧੀ ਸਦਰ ਥਾਣਾ ਜੀਰਾ ਵਿੱਚ ਦਰਖ਼ਾਸਤ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਥਾਣਾ ਸਦਰ ਦੇ ਐੱਸ.ਐੱਚ.ਓ ਗੁਰਪ੍ਰੀਤ ਸਿੰਘ ਵੱਲੋਂ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਸਮਾਂ ਦਿੱਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਹੀ ਗੋਲੀਬਾਰੀ ਦੀ ਘਟਨਾ ਵਾਪਰ ਗਈ।ਜ਼ਖ਼ਮੀਆਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਭਗਵੰਤ ਸਿੰਘ ਮਾਨ ਦੀ ਰੈਲੀ ਵਿੱਚ ਜਾਣ ਦੌਰਾਨ ਉਨ੍ਹਾਂ ਦੀ ਕਾਰ ‘ਤੇ ਗੁਰਪ੍ਰੀਤ ਸਿੰਘ ਸੇਖੋਂ ਦਾ ਪੋਸਟਰ ਲੱਗਾ ਹੋਇਆ ਦੇਖ ਕੇ ਲਖਵੀਰ ਸਿੰਘ ਨਾਰਾਜ਼ ਹੋ ਗਿਆ। ਇਸ ਤੋਂ ਬਾਅਦ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਗਈ। ਉੱਥੇ ਹੀ ਪਿੰਡ ਵਾਸੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਲਖਵੀਰ ਸਿੰਘ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੋਣ ਕਾਰਨ ਉਹ ਅਕਸਰ ਪਿੰਡ ਵਿੱਚ ਗੁੰਡਾਗਰਦੀ ਕਰਦਾ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ।ਘਟਨਾ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਗੋਬਿੰਦ ਸਿੰਘ, ਸੁਖਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਜਸ਼ਨਦੀਪ ਸਿੰਘ, ਵਾਸੀ ਪਿੰਡ ਮੱਲੇ ਸ਼ਾਹ, ਵਜੋਂ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਜੀਰਾ ਹਸਪਤਾਲ ਤੋਂ ਅੱਗੇ ਇਲਾਜ ਲਈ ਰੈਫਰ ਕੀਤੇ ਜਾਣ ਦੀ ਜਾਣਕਾਰੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀਬਾਰੀ ਦੇ ਅਸਲ ਕਾਰਨਾਂ ਅਤੇ ਦੋਸ਼ਾਂ ਸਬੰਧੀ ਪੁਲਿਸ ਦੀ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।