ਮਾਨਸਾ ਪੁਲਿਸ ਵੱਲੋਂ ਅਰਸ਼ ਡੱਲਾ ਗੈਂਗ ਦੇ 2 ਗੁਰਗੇ ਕਾਬੂ..
ਮਾਨਸਾ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਤਹਿਤ ਮਾਨਸਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਅਰਸ਼ ਡੱਲਾ ਗੈਂਗ ਨਾਲ ਕਥਿਤ ਤੌਰ ’ਤੇ ਜੁੜੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ 32 ਬੋਰ ਪਿਸਤੌਲ, ਇੱਕ 315 ਬੋਰ ਦੇਸੀ ਕੱਟਾ ਅਤੇ 13 ਜਿੰਦਾ ਕਾਰਤੂਸ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ।ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਮੁਤਾਬਕ, CIA ਸਟਾਫ ਵੱਲੋਂ ਕੀਤੀ ਜਾ ਰਹੀ ਨਾਕਾਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਜਾਂਚ ਵਿੱਚ ਇਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਮਾਨਸਾ ਅਤੇ ਕੁਲਦੀਪ ਸਿੰਘ ਵਾਸੀ ਮੂਸਾ ਵਜੋਂ ਹੋਈ ਹੈ।ਪੁਲਿਸ ਦੇ ਅਨੁਸਾਰ, ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਚਾਰ 32 ਬੋਰ ਪਿਸਤੌਲ, ਇੱਕ 315 ਬੋਰ ਦੇਸੀ ਕੱਟਾ ਅਤੇ 13 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।ਪੁਲਿਸ ਦਾ ਦਾਅਵਾ ਹੈ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮਾਨਸਾ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕਥਿਤ ਤਿਆਰੀ ਵਿੱਚ ਸਨ। ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ।ਹਾਲਾਂਕਿ, ਇਸ ਸਬੰਧੀ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ।ਐਸਐਸਪੀ ਵੈਭਵ ਚੌਧਰੀ ਮੁਤਾਬਕ, ਕਾਬੂ ਕੀਤੇ ਗਏ ਦੋਵੇਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਲੁੱਟ-ਖੋਹ ਅਤੇ ਆਰਮਜ਼ ਐਕਟ ਨਾਲ ਸਬੰਧਤ ਮਾਮਲੇ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ।ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਦੌਰਾਨ ਹਥਿਆਰਾਂ ਦੀ ਸਪਲਾਈ ਅਤੇ ਕਥਿਤ ਗੈਂਗ ਨਾਲ ਸਬੰਧਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
SikhDiary