ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਭਰਾਵਾਂ ਨੇ 20 ਸਾਲਾ ਨੌਜਵਾਨ ਦਾ ਚਾਕੂ ਤੇ ਕੀਰਚ ਨਾਲ ਵਾਰ ਕਰਕੇ ਕੀਤਾ ਕਤਲ
ਤਰਨਤਾਰਨ: ਸਥਾਨਕ ਬੱਸ ਸਟੈਂਡ ਨੇੜੇ ਬੀਤੀ ਦੁਪਹਿਰ ਸਮੇਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਭਰਾਵਾਂ ਨੇ ਇਕ 20 ਸਾਲਾ ਨੌਜਵਾਨ ਦਾ ਚਾਕੂ ਤੇ ਕੀਰਚ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੀ ਘਟਨਾ ਕਰੀਬ ਇੱਕ ਮਿੰਟ ਵਿੱਚ ਵਾਪਰੀ। ਇਸ ਦੌਰਾਨ ਦੋਵੇਂ ਹਮਲਾਵਰਾਂ ਨੇ ਵਾਰੀ-ਵਾਰੀ ਨੌਜਵਾਨ ‘ਤੇ ਕਰੀਬ 70 ਵਾਰ ਹਮਲਾ ਕੀਤਾ। ਸੜਕ ਦੇ ਵਿਚਕਾਰ ਦਿਨ ਦਿਹਾੜੇ ਕੀਤੇ ਗਏ ਇਸ ਕਤਲੇਆਮ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਵਾਸੀ ਪਿੰਡ ਕੱਦਗਿੱਲ ਜੋ ਕਿ ਤਰਨਤਾਰਨ ਦੀ ਦਾਣਾ ਮੰਡੀ ਵਿੱਚ ਪੱਲੇਦਾਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਦਾ ਲੜਕਾ ਜਗਜੀਤ ਸਿੰਘ ਉਰਫ਼ ਜੀਤ (20) ਡੀ.ਜੇ. ਵਪਾਰ ਕਰਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਜਗਜੀਤ ਸਿੰਘ ਨਾਰੰਗਾਬਾਦ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਵਿਆਹ ਕਰਵਾਉਣ ਲਈ ਘਰੋਂ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਲੜਕੀ ਅਤੇ ਜਗਜੀਤ ਸਿੰਘ ਇਕੱਠੇ ਰਹਿ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਨਾਲ ਕਥਿਤ ਤੌਰ ‘ਤੇ ਰੰਜਿਸ਼ ਚੱਲ ਰਹੀ ਸੀ।ਤਰਸੇਮ ਸਿੰਘ ਅਨੁਸਾਰ ਬੀਤੀ ਦੁਪਹਿਰ 1 ਵਜੇ ਦੇ ਕਰੀਬ ਉਸ ਦਾ ਲੜਕਾ ਜਗਜੀਤ ਸਿੰਘ ਕੁਝ ਖਾਣ-ਪੀਣ ਦਾ ਸਾਮਾਨ ਲੈਣ ਮੋਟਰਸਾਈਕਲ ’ਤੇ ਬੱਸ ਸਟੈਂਡ ਨੇੜੇ ਪੁੱਜਾ ਸੀ। ਇਸ ਦੌਰਾਨ ਲੜਕੀ ਦੇ ਦੋ ਭਰਾਵਾਂ ਨੇ ਕਥਿਤ ਤੌਰ ‘ਤੇ ਉਸ ਨੂੰ ਘੇਰ ਲਿਆ ਅਤੇ ਸੜਕ ਦੇ ਵਿਚਕਾਰ ਉਸ ‘ਤੇ ਚਾਕੂ ਅਤੇ ਡੰਡੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਜਗਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਗਜੀਤ ਸਿੰਘ ਦਾ ਉਸ ਦੇ ਭਰਾਵਾਂ ਨੇ ਲੜਕੀ ਨੂੰ ਘਰੋਂ ਭਜਾ ਕੇ ਉਸ ਨਾਲ ਵਿਆਹ ਕਰਵਾਉਣ ਦੀ ਰੰਜਿਸ਼ ਦੇ ਚੱਲਦਿਆਂ ਕਤਲ ਕੀਤਾ ਹੈ। ਦੂਜੇ ਪਾਸੇ ਡੀ.ਐਸ.ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਕਤਲ ਕੇਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਤਰਨਤਾਰਨ ਵਿਖੇ ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੋਵੇਂ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਨਰੰਗਾਬਾਦ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
SikhDiary