ਦਿਸ਼ਾ ਵੂਮੈਨ ਟਰੱਸਟ ਵੱਲੋਂ ਪੰਜਾਬ ਟਾਕਸ ਦਿਸ਼ਾ ਆਈਕਨ ਅਵਾਰਡ 2026 ਹੋਟਲ ਰੈਡੀਸਨ ਰੈੱਡ ਚੰਡੀਗੜ੍ਹ ਵਿਖੇ ਕੀਤਾ ਗਿਆ ਆਯੋਜਿਤ

ਚੰਡੀਗੜ੍ਹ: ਦਿਸ਼ਾ ਵੂਮੈਨ ਟਰੱਸਟ ਵੱਲੋਂ ਪੰਜਾਬ ਟਾਕਸ ਦਿਸ਼ਾ ਆਈਕਨ ਅਵਾਰਡ 2026 ਹੋਟਲ ਰੈਡੀਸਨ ਰੈੱਡ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਿਮਾਚਲ ਦੇ ਗਵਰਨਰ ਸ੍ਰੀ ਕਵਿੰਦਰ ਗੁਪਤਾ, ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਰਾਜ ਸਭਾ ਮੈਂਬਰ ਚੜ੍ਹਦੀਕਲਾਂ ਟਾਈਮ ਟੀ.ਵੀ ਦੇ ਚੇਅਰਮੈਨ ਪਦਮ ਸ਼੍ਰੀ ਡਾ.ਜਗਜੀਤ ਸਿੰਘ ਦਰਦੀ, ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਤੋਂ ਇਲਾਵਾ ਪੰਜਾਬ ਤੇ ਵੱਖ ਵੱਖ ਸਟੇਟਾਂ ਤੋਂ ਆਈਆਂ ਹੋਈਆਂ ਧਾਰਮਿਕ ਤੇ ਰਾਜਨੀਤਿਕ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ।ਅਵਾਰਡ ਸਮਾਰੋਹ ’ਚ ਉਨ੍ਹਾਂ ਸਖਸ਼ੀਅਤਾਂ ਨੂੰ ਸਨਮਾਮਿਤ ਕੀਤਾ ਗਿਆ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਚ ਅਹਿਮ ਭੂਮਿਕਾ ਨਿਭਾਈ ਤੇ ਲੋਕਾਂ ਨੂੰ ਚੰਗੀ ਸੇਧ ਦਿੱਤੀ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਿਸ਼ਾ ਵੂਮੈਨ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਆਈਆਂ ਹੋਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਤੇ ਭਵਿੱਖ ’ਚ ਅਜਿਹੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਗਵਰਨਰ ਵੱਲੋਂ ਪਦਮ ਸ਼੍ਰੀ ਡਾ ਜਗਜੀਤ ਸਿੰਘ ਦਰਦੀ ਦਾ ਸਨਮਾਨ ਕੀਤਾ ਤੇ ਉਨ੍ਹਾਂ ਵੱਲੋਂ ਮੀਡੀਆ ਦੇ ਖੇਤਰ ਚ ਕੀਤੀਆਂ ਜਾ ਰਹੀਆਂ ਪੰਥ ਪ੍ਰਤੀ ਤੇ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਚੜ੍ਹਦੀਕਲਾਂ ਟਾਈਮ ਟੀ.ਵੀ ਦੇ ਬਿਊਰੋ ਚੀਫ ਅਮਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਤਹਿਤ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਸਾਡਾ ਭਾਰਤ ਵਿਕਸਿਤ ਹੋਵੇ ,ਔਰਤਾਂ ਨੂੰ ਰੁਜ਼ਗਾਰ ਮਿਲੇ ਤੇ ਔਰਤਾਂ ਆਤਮਨਿਰਭਰ ਹੋਣ , ਸਸ਼ਕਤੀਕਰਨ ਹੋਣ ਅਤੇ ਭਾਰਤ ਨੂੰ ਇੱਕ ਖੁਸ਼ਹਾਲ ਭਾਰਤ ਬਣਾਇਆ ਜਾ ਸਕਦਾ ਹੈ।ਇਸੇ ਲੜੀ ਤਹਿਤ ਵੂਮੈਨ ਟਰੱਸਟ ਵੱਲੋਂ ਔਰਤਾਂ ਲਈ ਇਹ ਇੱਕ ਵੱਡਾ ਉਪਾਰਾਲਾ ਕੀਤਾ ਜਾ ਰਿਹਾ ਹੈ। ਪਾਣੀਆਂ ਦੇ ਮਸਲੇ ’ਤੇ ਬੋਲਦਿਆਂ ਹੋਇਆ ਗਵਰਨਰ ਨੇ ਕਿਹਾ ਕਿ ਪਾਣੀਆਂ ’ਤੇ ਹੱਕ ਹਰ ਇੱਕ ਸਟੇਟ ਦਾ ਹੈ। ਮਿਲ ਬੈਠ ਕੇ ਰਾਜਨੀਤਿਕ ਲੀਡਰਾਂ ਨੂੰ ਇਸ ਮਸਲੇ ਦਾ ਢੁੱਕਵਾਂ ਹੱਲ ਕੱਢਣਾ ਚਾਹੀਦਾ ਹੈ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਾਨੂੰ ਹਰ ਇੱਕ ਇਨਸਾਨ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤੇ ਉਸਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ ਗਵਰਨਰ ਨੇ ਕਿਹਾ ਕਿ ਨਸ਼ਾ ਹਰ ਇੱਕ ਸਟੇਟ ਦੀ ਵੱਡੀ ਸਮੱਸਿਆ ਹੈ ਸਾਨੂੰ ਸਮਾਜ ਪ੍ਰਤੀ ਮਿਲ ਕੇ ਇਸ ਨਸ਼ੇ ਨੂੰ ਜੜੋ ਖਤਮ ਕਰਨ ਲਈ ਆਪਣੇ ਪੱਧਰ ਤੇ ਮੁਹਿੰਮ ਦਾ ਆਗਾਜ਼ ਕਰਨਾ ਚਾਹੀਦਾ ਤਾਂ ਜੋ ਨਸ਼ਾ ਖਤਮ ਹੋ ਸਕੇ । ਇਸ ਮੌਕੇ ਤੇ ਆਈਆਂ ਹੋਈਆਂ ਸਖਸ਼ੀਅਤਾਂ ਨੇ ਆਪਣੇ ਆਪਣੇ ਖੇਤਰ ’ਚ ਕੀਤੀਆਂ ਹੋਈਆਂ ਚੰਗੀਆਂ ਸੇਵਾਵਾਂ ਦੀ ਭਰਪੂਰ ਜਾਣਕਾਰੀ ਸਾਂਝੀ ਕੀਤੀ।