ਸਰਗਮ ਮਿਊਜ਼ਿਕਲ ਤੇ ਕਲਚਰਲ ਗਰੁੱਪ ਵੱਲੋਂ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ, ਗਾਇਕਾ ਅਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

ਪਟਿਆਲਾ: 23 ਫਰਵਰੀ (ਜਗਪ੍ਰੀਤ ਮਹਾਜਨ) : ਸੱਭਿਆਚਾਰਕ ਅਤੇ ਸੰਗੀਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਗਮ ਮਿਊਜ਼ਿਕਲ ਅਤੇ ਕਲਚਰਲ ਗਰੁੱਪ ਵੱਲੋਂ ਇੱਕ ਸ਼ਾਨਦਾਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਜਿੱਥੇ ਸੰਗੀਤ ਦੀਆਂ ਮਨਮੋਹਕ ਪੇਸ਼ਕਾਰੀਆਂ ਹੋਈਆਂ, ਉੱਥੇ ਹੀ ਕਲਾ ਦੇ ਖੇਤਰ ਵਿੱਚ ਵਧੀਆ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਪ੍ਰੋਗਰਾਮ ਦੇ ਦੌਰਾਨ ਗਰੁੱਪ ਦੇ ਮੈਂਬਰਾਂ ਵੱਲੋਂ ਪ੍ਰਸਿੱਧ ਗਾਇਕਾ ਮੈਡਮ ਅਰਵਿੰਦਰ ਕੌਰ ਨੂੰ ਉਨ੍ਹਾਂ ਦੀ ਗਾਇਕੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਮੁੱਖ ਮੈਂਬਰਾਂ ਵਿੱਚ ਡਾ. ਰਵਿੰਦਰ ਰਿਸ਼ੀ, ਸ੍ਰ. ਦਵਿੰਦਰ ਸਿੰਘ ਨੇਗੀ, ਰਾਜ ਕੁਮਾਰ, ਹਰਮੀਤ ਸਿੰਘ, ਮਹੇਸ਼ ਕੁਮਾਰ ਅਤੇ ਵਿਕਾਸ ਪਾਠਕ ਹਾਜ਼ਰ ਸਨ, ਜਿਨ੍ਹਾਂ ਨੇ ਸਾਂਝੇ ਰੂਪ ਵਿੱਚ ਗਾਇਕਾ ਅਰਵਿੰਦਰ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।ਗਰੁੱਪ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਸਥਾਨਕ ਕਲਾਕਾਰਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਅਤੇ ਪੰਜਾਬੀ ਸੱਭਿਆਚਾਰ ਤੇ ਸੰਗੀਤ ਨੂੰ ਜਿਊਂਦਾ ਰੱਖਣਾ ਹੈ। ਸਨਮਾਨਿਤ ਹੋਣ ਉਪਰੰਤ ਮੈਡਮ ਅਰਵਿੰਦਰ ਕੌਰ ਨੇ ਸਰਗਮ ਮਿਊਜ਼ਿਕਲ ਅਤੇ ਕਲਚਰਲ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਕਲਾਕਾਰਾਂ ਨੂੰ ਭਵਿੱਖ ਵਿੱਚ ਹੋਰ ਬਿਹਤਰ ਕਰਨ ਲਈ ਉਤਸ਼ਾਹਿਤ ਕਰਦੇ ਹਨ।