ਹਾਈ ਕੋਰਟ ਦੇ ਜੱਜ ਦੇ ਸੈਕਟਰ 19 ਸਥਿਤ ਘਰ ‘ਚ ਇੱਕ ਡਰੋਨ ਹੋਇਆ ਹਾਦਸਾਗ੍ਰਸਤ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੇ ਸੈਕਟਰ 19 ਸਥਿਤ ਘਰ ਵਿੱਚ ਬੀਤੇ ਦਿਨ ਇੱਕ ਡਰੋਨ ਹਾਦਸਾਗ੍ਰਸਤ ਹੋ ਗਿਆ। ਰਿਹਾਇਸ਼ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਪੁਲਿਸ ਵਿਭਾਗ ਵੀ ਚੌਕਸ ਹੋ ਗਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਡਰੋਨ ਗੁਆਂਢ ਵਿੱਚ ਰਹਿਣ ਵਾਲੇ ਇੱਕ 9 ਸਾਲਾ ਲੜਕੇ ਦਾ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸੈਕਟਰ 19 ਪੁਲਿਸ ਸਟੇਸ਼ਨ ਦੀ ਇੰਚਾਰਜ ਸਰਿਤਾ ਰਾਏ, ਬੰਬ ਨਿਰੋਧਕ ਟੀਮ, ਸੀ.ਐਫ.ਐਸ.ਐਲ. ਟੀਮ, ਡੌਗ ਸਕੁਐਡ ਅਤੇ ਹੋਰ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪੂਰੇ ਇਲਾਕੇ ਨੂੰ ਅਲਰਟ ‘ਤੇ ਰੱਖਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਪੁਲਿਸ ਨੇ ਆਲੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ। ਡਰੋਨ ਦੀ ਜਾਂਚ ਕਰਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਇਸ ਵਿੱਚ ਕੋਈ ਸ਼ੱਕੀ ਸਮੱਗਰੀ ਤਾਂ ਨਹੀਂ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਗੁਆਂਢ ਵਿੱਚ ਰਹਿਣ ਵਾਲਾ ਇੱਕ 9 ਸਾਲਾ ਲੜਕਾ ਰਿਮੋਟ ਨਾਲ ਡਰੋਨ ਉਡਾ ਰਿਹਾ ਸੀ। ਉਡਾਣ ਦੌਰਾਨ, ਡਰੋਨ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਕ੍ਰੈਸ਼ ਹੋ ਗਿਆ। ਡਰੋਨ ਦੇ ਕਰੈਸ਼ ਹੋਣ ਤੋਂ ਬਾਅਦ, ਬੱਚਾ ਰੋਂਦਾ ਹੋਇਆ ਘਰ ਦੇ ਅੰਦਰ ਚਲਾ ਗਿਆ। ਬੱਚੇ ਦੀ ਮਾਂ ਖੁਦ ਇਸਨੂੰ ਲੱਭਣ ਗਈ, ਪਰ ਉਸਨੂੰ ਇਹ ਨਹੀਂ ਮਿ ਲਿਆ। ਇਸ ਦੌਰਾਨ, ਇੱਕ ਸੁਰੱਖਿਆ ਗਾਰਡ ਨੇ ਜੱਜ ਦੇ ਨਿਵਾਸ ਦੇ ਅੰਦਰ ਡਰੋਨ ਡਿੱਗਦਾ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਜਾਂਚ ਪੂਰੀ ਹੋ ਗਈ ਹੈ ਅਤੇ ਸਥਿਤੀ ਆਮ ਪਾਈ ਗਈ ਹੈ।