ਸਤਲੁਜ-ਯਮੁਨਾ ਨਹਿਰ ਰਾਹੀਂ ਕਿਸੇ ਵੀ ਸੂਰਤ ਵਿੱਚ ਪਾਣੀ ਨਹੀਂ ਵਹਿਣ ਦਿੱਤਾ ਜਾਵੇਗਾ: ਸਿੱਖ ਯੂਥ ਆਫ਼ ਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਨੂੰ ਜਵਾਬ ਦਿੰਦਿਆਂ ਨੌਜਵਾਨ ਸਿੱਖ ਜਥੇਬੰਦੀ ‘ਸਿੱਖ ਯੂਥ ਆਫ਼ ਪੰਜਾਬ’ ਨੇ ਕਿਹਾ ਕਿ “ਮਿਸਟਰ ਮਨੋਹਰ ਲਾਲ ਖੱਟੜ, ਜੇਕਰ ਤੁਸੀਂ ਐੱਸ.ਵਾਈ.ਐੈਲ. ਦੇ ਵਿੱਚੋਂ ਪਾਣੀ ਲੈਣ ਲਈ ਵਚਨਬੱਧ ਹੋ ਤਾਂ ਤੁਹਾਨੂੰ ਚੰਡੀਗੜ੍ਹ ਖਾਲੀ ਕਰਨ ਲਈ ਵੀ ਵਚਨਬੱਧ ਹੋਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਿਸ ਸਮਝੋਤੇ ਦੇ ਬਲਬੁਤੇ ਤੁਸੀਂ ਪਾਣੀ ਲੈਣ ਦੀ ਗਲ ਕਰਦੇ ਹੋ ਉਸੇ ਰਾਹੀਂ ਤੁਸੀਂ ਚੰਡੀਗੜ੍ਹ ਖਾਲੀ ਕਰਨ ਲਈ ਵੀ ਵਚਨਬੱਧ ਹੋ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਹੈ ਅਤੇ ਪੰਜਾਬ ਦੇ ਲੋਕ ਇਤਿਹਾਸ ਬਣ ਚੁੱਕੀ ਸਤਲੁਜ-ਯਮੁਨਾ ਲੰਿਕ ਨਹਿਰ ਰਾਹੀਂ ਕਿਸੇ ਵੀ ਸੂਰਤ ਵਿੱਚ ਪਾਣੀ ਨਹੀੰ ਵਹਿਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪਹਿਲਾਂ ਹੀ ਗੈਰ-ਰਾਇਪੇਰੀਅਨ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ 25 ਐੱਮ.ਏ.ਐੱਫ. ਪਾਣੀ ਜ਼ਮੀਨ ਹੇਠੋਂ ਕੱਢ ਰਿਹਾ ਹੈ। ਜਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ “ਕਿ ਹਰਿਆਣਾ ਸਰਕਾਰ ਸਤਲੁਜ ਯਮੁਨਾ ਲੰਿਕ (ਐਸਵਾਈਐਲ) ਨਹਿਰ ਰਾਹੀਂ ਪਾਣੀ ਦਾ ਆਪਣਾ ਹਿੱਸਾ ਲੈਣ ਲਈ ਵਚਨਬੱਧ ਹੈ ਅਤੇ ਨਦੀ ਦੇ ਪਾਣੀ ਬਾਰੇ ਹਰਿਆਣਾ ਦਾ ਪੱਖ ਸਪੱਸ਼ਟ ਹੈ ਅਤੇ ਇਸ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ”। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਭਾਰਤ ਦੀਆਂ ਕੇਂਦਰ ਸਰਕਾਰਾਂ ਦੀ ਤਾਂ ਫਿਤਰਤ ਹੀ ਪੰਜਾਬ-ਵਿਰੋਧੀ ਹੈ ਪਰ ਅਫਸੋਸ ਕਿ ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਮਝੌਤਿਆਂ ਰੱਦ ਕਾਨੂੰਨ 2004 ਵਿੱਚ ਧਾਰਾ 5 ਸ਼ਾਮਿਲ ਕਰਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕੈਪਟਨ ਸਰਕਾਰ ਸੱਤਾ ਵਿੱਚ ਹੈ ਤੇ ਇਸ ਧਾਰਾ ਨੂੰ ਰੱਦ ਕਰਕੇ ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਵੀ ਖੱਟੜ ਵਾਂਗ ਪੰਜਾਬ ਦੇ ਪਾਣੀਆਂ ‘ਤੇ ਆਪਣਾ ਨਜ਼ਰੀਆ ਸਪੱਸ਼ਟ ਕਰਨ ਕਿਉਂਜੋ ਸੁਪਰੀਮ ਕੋਰਟ ਵੱਲੋਂ ਫੈਸਲਾ ਪੰਜਾਬ ਦੇ ਹੱਕ ਵਿੱਚ ਸਨਾਉਣਾ ਨਾਮੁਨਕਿਨ ਪ੍ਰਤੀਤ ਹੁੰਦਾ ਹੈ।