ਸਿੱਖ ਵਿਦਵਾਨਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ

ਸਿੱਖ ਵਿਦਵਾਨਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ੍ਰੀ ਅਕਾਲ ਤਖ਼ਤ ’ਤੇ ਇਕ ਪੱਤਰ ਸੌਂਪ ਕੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਦਲਿਤ ਵਰਗ ਦੇ ਲੋਕਾਂ ਨਾਲ ਹੋ ਰਹੇ ਭੇਦਭਾਵ ਤੇ ਵਿਤਕਰੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਦੇਣ ਅਤੇ ਮੁਲਾਕਾਤ ਮਗਰੋਂ ਸਿੱਖ ਵਫ਼ਦ ਵਿਚ ਸ਼ਾਮਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਮਨਜੀਤ ਸਿੰਘ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਜਸਪਾਲ ਸਿੰਘ, ਕੇਂਦਰੀ ਗੁਰੂ ਸਿੰਘ ਸਭਾ ਦੇ ਖ਼ੁਸ਼ਹਾਲ ਸਿੰਘ ਅਤੇ ਬਾਬਾ ਬੀਰ ਸਿੰਘ ਫਾਊਂਡੇਸ਼ਨ ਦੇ ਰਾਜਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਨਿਹੰਗ ਸਿੰਘਾਂ ਵਲੋਂ ਜਥੇਬੰਦੀ ਵਿਚ ਅੰਮ੍ਰਿਤ ਸੰਚਾਰ ਵੇਲੇ ਦਲਿਤ ਲੋਕਾਂ ਨਾਲ ਵਿਤਕਰਾ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਸੀ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਵਿਚ ਕਈ ਵਾਰ ਮਤੇ ਪਾਏ ਗਏ ਹਨ, ਪਰ ਇਹ ਸਾਰੇ ਮਤੇ ਬੇਫਲ ਰਹੇ। ਉਨ੍ਹਾਂ ਕਿਹਾ ਕਿ ਅਜਿਹੀ ਵਿਤਕਰੇਬਾਜ਼ੀ ਕਾਰਨ ਹਰ ਸੁਹਿਰਦ ਸਿੱਖ ਦਾ ਦਿਲ ਦੁਖਦਾ ਹੈ। ਸਿੱਖ ਵਿਦਵਾਨਾਂ ਵੱਲੋਂ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਿੱਖ ਪੰਥ ਵਿਚੋਂ ਅਜਿਹੀਆਂ ਅਲਾਮਤਾਂ ਖਤਮ ਕਰਨ ਲਈ ਕਦਮ ਪੁੱਟਣ ਦੀ ਬੇਨਤੀ ਕੀਤੀ ਹੈ।