ਦੀਨਾਨਗਰ ਦੇ ਸਿੰਘੋਵਾਲ ਬਾਈਪਾਸ ‘ਤੇ ਜੀਪ ਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ

ਗੁਰਦਾਸਪੁਰ : ਦੀਨਾਨਗਰ ਦੇ ਸਿੰਘੋਵਾਲ ਬਾਈਪਾਸ ‘ਤੇ ਅੱਜ ਸਵੇਰੇ ਇੱਕ ਬੋਲੈਰੋ ਜੀਪ ਅਤੇ ਬਲੇਨੋ ਕਾਰ ਵਿਚਕਾਰ ਭਿਆਨਕ ਸੜਕ ਹਾਦਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਗੱਡੀਆਂ ਵੱਖ-ਵੱਖ ਦਿਸ਼ਾਵਾਂ ਤੋਂ ਆ ਰਹੀਆਂ ਸਨ, ਤਦ ਹੀ ਅਚਾਨਕ ਦੋਹਾਂ ਵਿੱਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਬਲੇਨੋ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਉੱਥੇ ਹੀ ਪਲਟ ਗਈ। ਹਾਦਸੇ ਦੇ ਦੌਰਾਨ ਕਾਰ ਚਲਾ ਰਿਹਾ ਨੌਜਵਾਨ ਬਾਲ-ਬਾਲ ਬੱਚ ਗਿਆ, ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਪਰ ਕਾਰ ਦੇ ਪੂਰੀ ਤਰ੍ਹਾਂ ਤਬਾਹ ਹੋ ਗਈ। ਘਟਨਾ ਦੇ ਤੁਰੰਤ ਬਾਅਦ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਜਮਾ ਹੋ ਗਏ ਅਤੇ ਮਦਦ ਦੇ ਲਈ ਅੱਗੇ ਆਏ।ਹਾਦਸੇ ਦੀ ਸੂਚਨਾ ਮਿਲਦੇ ਹੀ ਦੀਨਾਨਗਰ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਅਤੇ ਆਵਾਜਾਈ ਬਹਾਲ ਕੀਤੀ। ਇਸ ਦੌਰਾਨ ਆਵਾਜਾਈ ਵਿੱਚ ਥੋੜ੍ਹੀ ਦੇਰ ਲਈ ਵਿਘਨ ਪਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਦੋਵੇਂ ਡਰਾਈਵਰ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ।