ਚੰਡੀਗੜ੍ਹ ‘ਚ ਤੇਂਦੂਆ ਦਿਖਣ ਨਾਲ ਲੋਕਾਂ ‘ਚ ਬਣਿਆ ਡਰ ਦਾ ਮਾਹੌਲ

ਪੰਜਾਬ: ਚੰਡੀਗੜ੍ਹ ਦੇ ਇਲਾਕੇ ਵਿੱਚ ਤੇਂਦੂਆ ਦਿਖਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ । ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਸਾਰੀ ਰਾਤ ਸੌਂ ਨਹੀਂ ਸਕੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 29 ਵਿੱਚ ਤੇਂਦੂਏ ਦੇ ਦੇਖੇ ਜਾਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਪਿਛਲੇ ਬੁੱਧਵਾਰ ਰਾਤ ਨੂੰ ਮੌਕੇ ‘ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਟੀਮਾਂ ਨੇ ਸਾਰੀ ਰਾਤ ਤਲਾਸ਼ੀ ਮੁਹਿੰਮ ਚਲਾਈ, ਪਰ ਤੇਂਦੂਏ ਦਾ ਕੋਈ ਸੁਰਾਗ ਨਹੀਂ ਮਿਲਿਆ।ਹਾਲਾਂਕਿ, ਸੀ.ਸੀ.ਟੀ.ਵੀ. ਫੁਟੇਜ ਵਿੱਚ ਤੇਂਦੂਏ ਨੂੰ ਇੱਕ ਦਰਗਾਹ ਦੇ ਨੇੜੇ ਪਾਣੀ ਪੀਂਦੇ ਦਿਖਾਇਆ ਗਿਆ ਹੈ। ਇੱਕ ਔਰਤ ਨੇ ਦੱਸਿਆ ਕਿ ਰਾਤ 7:00 ਅਤੇ 8:00 ਵਜੇ ਦੇ ਕਰੀਬ ਸੈਕਟਰ 29 ਦੇ ਇੱਕ ਪਾਰਕ ਵਿੱਚ ਝਾੜੀਆਂ ਦੇ ਨੇੜੇ ਤੇਂਦੂਏ ਨੂੰ ਘੁੰਮਦੇ ਦੇਖਿਆ। ਉਸਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਪਾਰਕ ਵਿੱਚ ਸੈਰ ਕਰ ਰਹੀ ਸੀ। ਉਹ ਘਬਰਾ ਗਈ ਅਤੇ ਤੁਰੰਤ ਬੱਚਿਆਂ ਨਾਲ ਪਾਰਕ ਤੋਂ ਬਾਹਰ ਚਲੀ ਗਈ। ਔਰਤ ਦੇ ਪਤੀ ਨੇ ਤੁਰੰਤ ਨੇੜਲੇ ਪੀਰ ਦਰਗਾਹ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।