ਸਿੱਖ ਕਤਲੇਆਮ: ਕਮਲਨਾਥ ਖਿਲਾਫ਼ ਸਿਟ ਮੂਹਰੇ ਪੇਸ਼ ਹੋਇਆ ਗਵਾਹ

ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ਼ ਗਵਾਹੀ ਦੇਣ ਲਈ ਮੁੱਖ ਗਵਾਹ ਮੁਖਤਿਆਰ ਸਿੰਘ ਅੱਜ ਵਿਸ਼ੇਸ਼ ਜਾਂਚ ਟੀਮ (ਸਿਟ) ਮੂਹਰੇ ਪੇਸ਼ ਹੋਇਆ। ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ’ਚ ਉਸ ਨੇ ਕਮਲਨਾਥ ਖਿਲਾਫ਼ ਗਵਾਹੀ ਦੇਣ ਦੀ ਇੱਛਾ ਪ੍ਰਗਟ ਕੀਤੀ। ਉਸ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਅਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਮਲਨਾਥ ਦੇ ਭੜਕਾਉਣ ’ਤੇ ਲੋਕਾਂ ਨੇ ਜਦੋਂ ਦੋ ਸਿੱਖਾਂ ਦਾ ਕਤਲ ਕੀਤਾ ਤਾਂ ਉਹ ਰਕਾਬਗੰਜ ਸਾਹਿਬ ਵਿਖੇ ਮੌਜੂਦ ਸੀ। ਗ੍ਰਹਿ ਮੰਤਰਾਲੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਮਗਰੋਂ ਸਿਟ ਤੋਂ ਕੇਸ ਨੰਬਰ 601/84 ਖੋਲ੍ਹੇ ਜਾਣ ਦੀ ਮੰਗ ਕੀਤੀ ਗਈ ਸੀ। ਸ੍ਰੀ ਸਿਰਸਾ ਨੇ ਦੱਸਿਆ ਕਿ ਸਿਟ ਨੇ ਧਿਆਨ ਨਾਲ ਮੁਖਤਿਆਰ ਸਿੰਘ ਦੀ ਗੱਲ ਸੁਣੀ। ਉਨ੍ਹਾਂ ਦੱਸਿਆ ਕਿ ਦੂਜੇ ਮੁੱਖ ਗਵਾਹ ਸੰਜੇ ਸੂਰੀ, ਜੋ ਉਸ ਵੇਲੇ ਪੱਤਰਕਾਰ ਸਨ, ਦੀ ਗਵਾਹੀ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਸਿਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਉਨ੍ਹਾਂ ਦੇ ਬਿਆਨ ਦਰਜ ਕਰੇਗੀ। ਵਿਸ਼ੇਸ਼ ਜਾਂਚ ਟੀਮ ਨੇ ਇਸ ਕੇਸ ’ਚ ਅਦਾਲਤ ਦੇ ਫ਼ੈਸਲੇ ਸਬੰਧੀ ਕੁਝ ਦਸਤਾਵੇਜ਼ ਮੰਗੇ ਹਨ ਜੋ ਦਿੱਲੀ ਗੁਰਦੁਆਰਾ ਕਮੇਟੀ ਇਕ ਹਫ਼ਤੇ ’ਚ ਉਨ੍ਹਾਂ ਨੂੰ ਮੁਹੱਈਆ ਕਰਵਾ ਦੇਵੇਗੀ। ਕਮੇਟੀ ਪ੍ਰਧਾਨ ਨੇ ਮੁਖਤਿਆਰ ਸਿੰਘ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਨਾਨਾਵਤੀ ਕਮਿਸ਼ਨ ਅੱਗੇ ਪੇਸ਼ ਹੋਇਆ ਸੀ ਤਾਂ ਉਦੋਂ ਵੀ ਕਥਿਤ ਗੁੰਡਿਆਂ ਨੇ ਉਸ ਨੂੰ ਬਿਆਨ ਦਰਜ ਕਰਵਾਉਣ ਵਿਰੁੱਧ ਧਮਕੀ ਦਿੱਤੀ ਸੀ।