ਲੜਕੀ ਨਾਲ ਕੁੱਟਮਾਰ ਕਰਨ ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ 5 ਵਿਰੁੱਧ ਮਾਮਲਾ ਦਰਜ

ਲੁਧਿਆਣਾ: ਮੇਹਰਬਾਨ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਇੱਕ ਲੜਕੀ ਨਾਲ ਕੁੱਟਮਾਰ ਕਰਨ, ਉਸਨੂੰ ਜ਼ਬਰਦਸਤੀ ਕੱਪੜੇ ਉਤਾਰਨ, ਬਲਾਤਕਾਰ ਦੀ ਕੋਸ਼ਿਸ਼ ਕਰਨ ਅਤੇ ਘਟਨਾ ਦੀ ਵੀਡੀਓ ਬਣਾਉਣ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ, ਐਸ.ਐਚ.ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੋਸ਼ੀ ਰਾਜੂ ਦਾਦਰਾਲ, ਦਾਰਾ ਦਾਦਰਾਲ, ਪੂਜਾ, ਕਮਲਜੀਤ ਦਾਦਰਾਲ ਅਤੇ ਇੱਕ ਅਣਪਛਾਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਹੈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੀ ਦੋਸਤ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਸ਼ੱਕ ਸੀ ਕਿ ਉਸਨੇ ਉਨ੍ਹਾਂ ਦੀ ਧੀ ਨੂੰ ਵਿਗਾੜਿਆ ਹੋਇਆ ਹੈ ਅਤੇ ਉਸਦੀ ਕਿਸੇ ਅੰਕੁਰ ਨਾਮ ਦੇ ਮੁੰਡੇ ਨਾਲ ਗੱਲ-ਬਾਤ ਕਰਵਾਈ ਹੈ । ਇਸ ਰੰਜਿਸ਼ ਕਾਰਨ, ਦੋਸ਼ੀਆਂ ਵੱਲੋਂ ਉਸ ਨੂੰ ਘਰ ਬੁਲਾ ਕੇ ਉਸਦੇ ਨਾਲ ਮਾਰਪੀਟ ਕਰਦੇ ਹੋਏ , ਬਲਾਤਕਾਰ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਵੀਡੀਓ ਬਣਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।