ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਨੇ ਕੀਤਾ ਆਤਮ ਸਮਰਪਣ
ਮਲੋਟ: ਮਲੋਟ ਸ਼ਹਿਰ ਦੇ ਪਿੰਡ ਅਬੁਲਖੁਰਾਣਾ ਵਿੱਚ ਲਗਭਗ ਸਾਢੇ 7 ਮਹੀਨੇ ਪਹਿਲਾਂ ਹੋਏ ਦੋਹਰੇ ਕਤਲ ਕਾਂਡ ਦੇ ਨਾਮਜ਼ਦ ਮੁਲਜ਼ਮਾਂ ਵਿੱਚੋਂ ਇੱਕ, ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰਪਾਲ ਸਿੰਘ ਉਰਫ਼ ਬੱਬੀ ਬਰਾੜ ਨੇ ਬੀਤੀ ਸ਼ਾਮ ਮਲੋਟ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਉਸਨੂੰ 5 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।ਦੱਸਣਯੋਗ ਹੈ ਕਿ 19 ਅਪ੍ਰੈਲ, 2025 ਨੂੰ ਪਿੰਡ ਅਬੁਲਖੁਰਾਣਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ਵਿੱਚ ਗੁਰਪ੍ਰੇਮ ਸਿੰਘ ਦੇ ਪੁੱਤਰ ਵਿਨੈ ਪ੍ਰਤਾਪ ਸਿੰਘ ਬਰਾੜ ਅਤੇ ਉਸਦੇ 22 ਸਾਲਾ ਪੁੱਤਰ ਸੂਰਿਆ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮਲੋਟ ਸਿਟੀ ਪੁਲਿਸ ਨੇ ਮ੍ਰਿਤਕ ਵਿਨੈ ਪ੍ਰਤਾਪ ਦੀ 25 ਸਾਲਾ ਧੀ ਸਾਜ਼ੀਆ ਬਰਾੜ ਦੇ ਬਿਆਨਾਂ ਦੇ ਆਧਾਰ ‘ਤੇ ਦਵਿੰਦਰ ਸਿੰਘ ਰਾਣਾ ਪੁੱਤਰ ਦਿਲਰਾਜ ਸਿੰਘ ਵਾਸੀ ਅਬੁਲਖੁਰਾਣਾ, ਨਛੱਤਰਪਾਲ ਸਿੰਘ ਬਰਾੜ ਪੁੱਤਰ ਗੁਰਮੇਲ ਸਿੰਘ ਬਰਾੜ, ਰਵਿੰਦਰਪਾਲ ਸਿੰਘ ਬੱਬੀ ਬਰਾੜ ਪੁੱਤਰ ਨਛੱਤਰਪਾਲ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਸੀ। ਆਪਣੇ ਬਿਆਨ ਵਿੱਚ ਸਾਜ਼ੀਆ ਬਰਾੜ ਨੇ ਦੱਸਿਆ ਕਿ ਇਹ ਮਾਮਲਾ 20 ਏਕੜ ਜ਼ਮੀਨ ਦੇ ਵਿਵਾਦ ਨਾਲ ਸਬੰਧਤ ਹੈ।
SikhDiary