ਟਿੱਪਰ ਤੇ ਟੋਇਟਾ ਕਾਰ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ , ਇੱਕ ਦੀ ਮੌਤ , 4 ਜ਼ਖਮੀ

ਗੜ੍ਹਸ਼ੰਕਰ: ਅੱਜ ਸਵੇਰੇ 5 ਵਜੇ ਦੇ ਕਰੀਬ ਮਾਹਿਲਪੁਰ-ਫਗਵਾੜਾ ਸੜਕ ‘ਤੇ ਬਿਸਤ ਦੋਆਬ ਨਹਿਰ ਦੇ ਚੋਰਸਤ ਪੁਲ ‘ਤੇ ਇੱਕ ਟਿੱਪਰ ਅਤੇ ਟੋਇਟਾ ਕਾਰ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਕਾਰ ਵਿੱਚ ਸਵਾਰ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।ਮੌਕੇ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 5 ਵਜੇ ਦੇ ਕਰੀਬ ਟਿੱਪਰ ਬਹਿਰਾਮ ਤੋਂ ਮਾਹਿਲਪੁਰ ਵੱਲ ਜਾ ਰਿਹਾ ਸੀ ਅਤੇ ਦੂਜੇ ਪਾਸੇ ਬਿਸਤ ਦੋਆਬ ਨਹਿਰ ਸੜਕ ‘ਤੇ ਪਿੰਡ ਭਵਾਨੀਪੁਰ, ਥਾਣਾ ਗੜ੍ਹਸ਼ੰਕਰ ਤੋਂ ਇੱਕ ਕਾਰ ਆ ਰਹੀ ਸੀ। ਡਰਾਈਵਰ ਆਪਣੇ ਚਾਚੇ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਛੱਡਣ ਜਾ ਰਿਹਾ ਸੀ। ਜਦੋਂ ਇਹ ਕਾਰ ਚੋਰਸਤ ਪੁਲ ਦੇ ਨੇੜੇ ਪਹੁੰਚੀ ਤਾਂ ਟਿੱਪਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।ਇਸ ਘਟਨਾ ਵਿੱਚ ਕਾਰ ਚਾਲਕ ਅਜੈ ਖੇਪੜ, ਉਸਦਾ ਚਾਚਾ ਬਿੰਦਰਪਾਲ, ਉਸਦਾ ਦੋਸਤ ਸੁਖਵਿੰਦਰ ਸਿੰਘ, ਚਾਚੇ ਦਾ ਪੁੱਤਰ ਕ੍ਰਿਸ਼ਨਾ (13 ਸਾਲ), ਸਾਰੇ ਵਾਸੀ ਭਵਾਨੀਪੁਰ, ਮਾਮੇ ਦਾ ਪੁੱਤਰ ਪਰਮਿੰਦਰ ਸਿੰਘ, ਵਾਸੀ ਹਾਜੀਪੁਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਮਾਹਿਲਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅਗਲੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਏ 13 ਸਾਲ ਦੇ ਕ੍ਰਿਸ਼ਨਾ ਨੂੰ ਡੀ.ਐਮ.ਸੀ. ਲੁਧਿਆਣਾ ਅਤੇ ਬਿੰਦਰਪਾਲ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।