ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਤੇ ਦੁਰਵਰਤੋਂ ਦੇ ਖਿਲਾਫ਼ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ
ਲੁਧਿਆਣਾ : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਦੁਰਵਰਤੋਂ ਦੇ ਖਿਲਾਫ ਨਕੇਲ ਕੱਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਖਪਤਕਾਰਾਂ ਨੂੰ ਹੁਣ ਉਨ੍ਹਾਂ ਵੱਲੋਂ ਸੰਬੰਧਿਤ ਗੈਸ ਏਜੰਸੀ ਦਫ਼ਤਰ ਵਿੱਚ ਰਜਿਸਟਰ ਕਰਵਾਏ ਗਏ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਣ ਵਾਲੇ ਓ.ਟੀ.ਪੀ. (ਡੀ.ਏ.ਸੀ.) ਕੋਡ ਦੇਣ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲ ਸਕੇਗੀ।ਭਾਰਤ ਦੀ ਮੁੱਖ ਇੰਡੇਨ ਗੈਸ ਕੰਪਨੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਕਮਰਸ਼ੀਅਲ ਥਾਵਾਂ ‘ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਗੈਸ ਦੀ ਪਲਟੀ, ਕਾਲਾਬਾਜ਼ਾਰੀ ਕਰਨ ਵਾਲੇ ਗੈਸ ਮਾਫੀਆ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ, ਉੱਥੇ ਹੀ ਘਰਾਂ ਵਿੱਚ ਇੱਕੋ ਸਮੇਂ ਚੱਲਣ ਵਾਲੇ ਮਲਟੀਪਲ ਗੈਸ ਕੁਨੈਕਸ਼ਨਾਂ ਦਾ ਪਤਾ ਵੀ ਸਾਫ਼ ਹੋ ਸਕੇਗਾ।ਅਰੁਣ ਇੰਡੇਨ ਗੈਸ ਸਰਵਿਸ ਦੇ ਮੁਖੀ ਅਰੁਣ ਅਗਰਵਾਲ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਉਕਤ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਨਾ ਸਿਰਫ਼ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਪਲਟੀ ਦਾ ਕਾਰੋਬਾਰ ਬੰਦ ਹੋਵੇਗਾ, ਸਗੋਂ ਗੈਸ ਦੀ ਪਲਟੀ ਦੌਰਾਨ ਹੋਣ ਵਾਲੇ ਜਾਨਲੇਵਾ ਹਾਦਸਿਆਂ ਵਿੱਚ ਮਰਨ ਵਾਲੇ ਬੇਕਸੂਰ ਲੋਕਾਂ ਦੀ ਮੌਤਾਂ ਦਾ ਸਿਲਸਿਲਾ ਵੀ ਥੱਮ ਸਕੇਗਾ।
SikhDiary