ਆਦਮਪੁਰ ਏਅਰਪੋਰਟ ‘ਤੇ ਯਾਤਰੀਆਂ ਦੀ ਸਹੂਲਤ ਲਈ ਦੋ ਵਰਕ ਸਟੇਸ਼ਨ ਸੇਵਾ ਕੀਤੀ ਗਈ ਸ਼ੁਰੂ
ਜਲੰਧਰ : ਆਦਮਪੁਰ ਏਅਰਪੋਰਟ ‘ਤੇ ਯਾਤਰੀਆਂ ਦੀ ਸਹੂਲਤ ਲਈ ਦੋ ਵਰਕ ਸਟੇਸ਼ਨ ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਏਅਰਪੋਰਟ ‘ਤੇ ਇੱਕੋ ਵੇਲੇ 6 ਯਾਤਰੀ ਆਪਣੇ ਲੈਪਟਾਪ ਜਾਂ ਕੰਪਿਊਟਰ ‘ਤੇ ਆਰਾਮ ਨਾਲ ਕੰਮ ਕਰ ਸਕਣਗੇ। ਇਹ ਸਹੂਲਤ ਖ਼ਾਸ ਤੌਰ ‘ਤੇ ਉਨ੍ਹਾਂ ਮੁਸਾਫ਼ਿਰਾਂ ਲਈ ਫ਼ਾਇਦੇਮੰਦ ਰਹੇਗੀ, ਜਿਨ੍ਹਾਂ ਨੂੰ ਸਫ਼ਰ ਦੌਰਾਨ ਵੀ ਆਪਣੇ ਦਫ਼ਤਰ ਜਾਂ ਆਨਲਾਈਨ ਕੰਮ ਜਾਰੀ ਰੱਖਣਾ ਹੁੰਦਾ ਹੈ। ਇਸ ਸਹੂਲਤ ਦੀ ਸ਼ੁਰੂਆਤ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਕੀਤੀ ਗਈ।ਪ੍ਰੋਗਰਾਮ ਵਿੱਚ ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ, ਏ.ਜੀ.ਐਮ. ਸਿਵਲ ਅਮਿਤ ਕੁਮਾਰ, ਮੈਨੇਜਰ ਇਲੈਕਟ੍ਰੀਕਲ ਸੂਰਜ ਯਾਦਵ, ਜੇ.ਈ. ਆਪ੍ਰੇਸ਼ਨ ਸੂਰਿਆ ਪ੍ਰਤਾਪ ਅਤੇ ਚੀਫ਼ ਸਕਿਓਰਿਟੀ ਅਫ਼ਸਰ ਮੋਹਨ ਪੰਵਾਰ ਹਾਜ਼ਰ ਸਨ। ਪੰਜਾਬ ਪੁਲਿਸ ਵੱਲੋਂ ਡੀ.ਐੱਸ.ਪੀ. ਜਸਵੰਤ ਕੌਰ ਅਤੇ ਇੰਸਪੈਕਟਰ ਗੁਰਮੀਤ ਸਿੰਘ ਨੇ ਵੀ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਵਿੱਚ ਹਿੱਸਾ ਲਿਆ। ਏਅਰਲਾਈਨਜ਼ ਵੱਲੋਂ ਏ.ਸੀ.ਐੱਸ. ਏਅਰਲਾਈਨਜ਼ ਦੇ ਪਾਇਲਟ ਆਸ਼ੀਸ਼ ਅਰੁਣ, ਇੰਡੀਗੋ ਏਅਰਲਾਈਨਜ਼ ਦੇ ਏਅਰਪੋਰਟ ਮੈਨੇਜਰ ਸ਼ੁਭਮ ਕਪੂਰ, ਚੀਫ਼ ਸਿਕਿਓਰਿਟੀ ਅਫ਼ਸਰ ਕਰਨਵੀਰ ਸਿੰਘ ਅਤੇ ਸਟਾਰ ਏਅਰਲਾਈਨਜ਼ ਦੇ ਏਅਰਪੋਰਟ ਮੈਨੇਜਰ ਲਤੀਫ਼ ਹਾਜ਼ਰ ਸਨ।
SikhDiary