ਸ਼ਿਵ ਸੈਨਾ ਨੇਤਾ ਜਿੰਮੀ ਕਰਵਲ ’ਤੇ ਚੱਲੀਆਂ ਗੋਲੀਆਂ

ਫਗਵਾੜਾ: ਫਗਵਾੜਾ ’ਚ ਬੀਤੀ ਦੇਰ ਸ਼ਾਮ ਸੰਘਣੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੌਜਵਾਨਾਂ ਦੀ ਇਕ ਟੋਲੀ ਨੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ ਦੇ ਪੁੱਤਰ ਸ਼ਿਵ ਸੈਨਾ ਨੇਤਾ ਜਿੰਮੀ ਕਰਵਲ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਕੁੱਟ-ਮਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਜਿੰਮੀ ਕਰਵਲ ’ਤੇ ਹੋਏ ਜਾਨਲੇਵਾ ਹਮਲੇ ਦੀ ਸੂਚਨਾ ਉਸ ਦੇ ਪਿਤਾ ਇੰਦਰਜੀਤ ਕਰਵਲ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਹੋਏ। ਇਸ ’ਤੇ ਮੁਲਜ਼ਮ ਨੌਜਵਾਨਾਂ ਨੇ ਇੰਦਰਜੀਤ ਕਰਵਲ ’ਤੇ ਵੀ ਹਮਲਾ ਕਰ ਦਿੱਤਾ, ਜਿਸ ’ਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ।ਜ਼ਖਮੀ ਹੋਏ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਡਾਕਟਰਾਂ ਮੁਤਾਬਕ ਜਿੰਮੀ ਕਰਵਲ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦੌਰਾਨ ਸ਼ਹਿਰ ’ਚ ਵਾਪਰੇ ਗੋਲੀਕਾਂਡ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ’ਚ ਨਗਰ ਨਿਗਮ ਫਗਵਾੜਾ ਦੇ ਮੇਅਰ ਸ਼੍ਰੀ ਰਾਮਪਾਲ ਉੱਪਲ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਡੀ. ਐੱਸ. ਪੀ. ਫਗਵਾੜਾ ਸ਼੍ਰੀ ਭਾਰਤ ਭੂਸ਼ਣ ਸਮੇਤ ਬਹੁਤ ਵੱਡੀ ਗਿਣਤੀ ’ਚ ਫਗਵਾੜਾ ਦੇ ਵਸਨੀਕ ਮੌਜੂਦ ਹਨ ਅਤੇ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ।ਫਗਵਾੜਾ ਚ ਹੋਈ ਉਕਤ ਵਾਰਦਾਤ ਤੋਂ ਬਾਅਦ ਸ਼ਹਿਰ ਚ ਭਾਰੀ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸ਼ਿਵ ਸੈਨਿਕਾਂ, ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਸਾਥੀ ਸਮਰਥਕਾਂ ਵੱਲੋਂ 19 ਨਵੰਬਰ ਨੂੰ ਫਗਵਾੜਾ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹਨਾਂ ਸਾਰੀਆਂ ਵਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਜਦ ਤੱਕ ਫਗਵਾੜਾ ਪੁਲਿਸ ਮਾਮਲੇ ਚ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਇਹਨਾਂ ਖ਼ਿਲਾਫ਼ ਬਣਦੀ ਸਖਤ ਪੁਲਿਸ ਕਾਰਵਾਈ ਨੂੰ ਪੂਰਾ ਨਹੀਂ ਕਰਦੀ ਹੈ ਤਦ ਤੱਕ ਫਗਵਾੜਾ ਦੇ ਬਾਜ਼ਾਰ ਬੰਦ ਰੱਖੇ ਜਾਣਗੇ।ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਇੰਦਰਜੀਤ ਕਰਵਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਿੰਮੀ ਕਰਵਲ ਸਥਾਨਕ ਗਊਸ਼ਾਲਾ ਬਾਜ਼ਾਰ ‘ਚ ਰੂਟੀਨ ਵਾਂਗ ਗਿਆ ਸੀ ਜਿੱਥੇ ਉਸ ਤੇ ਹਮਲਾਵਾਰ ਨੌਜਵਾਨਾਂ ਦੀ ਇੱਕ ਟੋਲੀ ਵੱਲੋਂ ਗੋਲੀਆਂ ਚਲਾ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਉਹਨਾਂ ਨੂੰ ਜਿੰਮੀ ਕਰਵਲ ਤੇ ਹੋਏ ਜਾਨਲੇਵਾ ਹਮਲੇ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਫੌਰੀ ਤੌਰ ‘ਤੇ ਪੁੱਜੇ ਜਿੱਥੇ ਜਿੰਮੀ ਕਰਵਲ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੇ ਉਹਨਾਂ ‘ਤੇ ਵੀ ਹਮਲਾ ਕਰ ਦਿੱਤਾ ਜਿਸ ‘ਚ ਉਹ ਜ਼ਖਮੀ ਹੋਏ ਹਨ।ਇੰਦਰਜੀਤ ਕਰਵਲ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲਾ ਕਪੂਰਥਲਾ ਦੇ ਐੱਸ.ਐੱਸ.ਪੀ. ਫਗਵਾੜਾ ਦੀ ਐੱਸ.ਪੀ. ਸਮੇਤ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਬੀਤੇ ਤਿੰਨ ਦਿਨਾਂ ਤੋਂ ਸੂਚਨਾ ਦਿੱਤੀ ਜਾ ਰਹੀ ਸੀ ਕਿ ਉਹਨਾਂ ਦੇ ਪੁੱਤਰ ਜਿੰਮੀ ਕਰਵਲ ਦੀ ਕੁਛ ਨੌਜਵਾਨਾਂ ਵੱਲੋਂ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਦੀ ਜਾਨ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ। ਕਰਵਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸਦੇ ਪੁੱਤਰ ਦੇ ਇੱਕ ਕਰੀਬੀ ਦੋਸਤ ਨੂੰ ਕੁਝ ਨੌਜਵਾਨਾਂ ਵੱਲੋਂ ਅਗਵਾਹ ਕਰਦੇ ਹੋਏ ਕਈ ਤਰਹਾਂ ਦੀਆਂ ਧਮਕੀ ਭਰੀਆਂ ਗੱਲਾਂ ਵੀ ਆਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਵੱਲੋਂ ਜਿਲਾ ਕਪੂਰਥਲਾ ਸਮੇਤ ਫਗਵਾੜਾ ਪੁਿਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਪੁਲਿਸ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਅਤੇ ਅੱਜ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਅਤੇ ਖੁਦ ਉਨ੍ਹਾਂ ਤੇ ਵੱਡਾ ਹਮਲਾ ਹੋ ਗਿਆ ਹੈ।ਸਿਵਲ ਹਸਪਤਾਲ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ ਨੇ ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਲ ਦੇ ਪੁੱਤਰ ਜਿੰਮੀ ਕਰਵਲ ਤੇ ਸਥਾਨਕ ਗਊਸ਼ਾਲਾ ਬਾਜ਼ਾਰ ਚ ਫਾਇ ਰਿੰਗ ਹੋਣ ਦੀ ਅਧਿਕਾਰਿਕ ਤੌਰ ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਪੁਲਿਸ ਵਾਪਰੇ ਗੋਲੀਕਾਂਡ ਦੀ ਹਰ ਪੱਖੋਂ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਐੱਸ ਪੀ ਫਗਵਾੜਾ ਸ਼੍ਰੀਮਤੀ ਮਾਧਵੀ ਸ਼ਰਮਾ ਨੇ ਕਿਹਾ ਕਿ ਫਗਵਾੜਾ ਪੁਲਿਸ ਗੋਲੀ ਕਾਂਡ ਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਸੀ ਪੁਰਾਣੀ ਨਿਜੀ ਰੰਜਿਸ਼ ਦਾ ਹੈ ਜਿਸ ਕਾਰਨ ਇਹ ਵਾਰਦਾਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਫਗਵਾੜਾ ਚ ਆਪਸੀ ਭਾਈਚਾਰੇ ਤੇ ਅਮਨ ਸ਼ਾਂਤੀ ਨੂੰ ਖਰਾਬ ਕਰਨ ਵੀ ਇਹ ਕੋਸ਼ਿਸ਼ ਕੀਤੀ ਹੈ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਫਗਵਾੜਾ ਪੁਲਿਸ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਬੇਹਦ ਸਖਤੀਂ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਲਈ ਫਗਵਾੜਾ ਪੁਲਿਸ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਪੀ ਫਗਵਾੜਾ ਸ਼੍ਰੀਮਤੀ ਸ਼ਰਮਾ ਨੇ ਫਗਵਾੜਾ ਸਮੇਤ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।ਫਗਵਾੜਾ ਸਿਵਲ ਹਸਪਤਾਲ ‘ਚ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਗਊਸ਼ਾਲਾ ਬਾਜ਼ਾਰ ਚ ਵਾਪਰੇ ਗੋਲੀਕਾਂਡ ਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਫਗਵਾੜਾ ਚ ਕਾਨੂੰਨ ਵਿਵਸਥਾ ਦਾ ਬਹੁਤ ਮੰਦਾ ਹਾਲ ਹੈ ਪਰ ਅਫ਼ਸੋਸ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਇਸਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਜਦ ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਲ ਵੱਲੋਂ ਬੀਤੇ ਕੁਝ ਦਿਨਾਂ ਤੋਂ ਜਿਲ੍ਹਾ ਕਪੂਰਥਲਾ ਸਮੇਤ ਫਗਵਾੜਾ ਪੁਲਿਸ ਦੇ ਅਧਿਕਾਰੀਆਂ ਨੂੰ ਆਪਣੇ ਪੁੱਤਰ ਜਿੰਮੀ ਕਰਵਲ ਦੀ ਜਾਨ ਨੂੰ ਬਣੇ ਹੋਏ ਖਤਰੇ ਸਬੰਧੀ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਸੀ ਤਾਂ ਪੁਲਿਸ ਨੇ ਬਣਦੀ ਇਤਿਹਾਸਤਨ ਕਾਰਵਾਈ ਨੂੰ ਪੂਰਾ ਕਿਉਂ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਧਿਕਾਰੀ ਮੁਸਤੈਦ ਹੁੰਦੇ ਤਾਂ ਸ਼ਾਇਦ ਅੱਜ ਜੋ ਕੁਝ ਗਊਸ਼ਾਲਾ ਬਾਜ਼ਾਰ ਚ ਵੇਖਣ ਨੂੰ ਮਿਲਿਆ ਉਹ ਨਾ ਹੁੰਦਾ। ਉਨਾਂ ਫਗਵਾੜਾ ਦੇ ਵਸਨੀਕਾਂ ਨੂੰ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਨੂੰ ਬਣਾਏ ਰੱਖਣ ਦੀ ਪੁਰਜੋਰ ਅਪੀਲ ਕੀਤੀ ਹੈ।