ਅੰਮ੍ਰਿਤਸਰ ਐਡੀਸ਼ਨਲ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਦੋ ਦਿਨ ਇਨ੍ਹਾਂ ਦੁਕਾਨਾਂ ’ਤੇ ਲਗਾਈ ਪਾਬੰਦੀ

ਅੰਮ੍ਰਿਤਸਰ : ਜ਼ਿਲ੍ਹੇ ਵਿੱਚ ਸਖ਼ਤ ਪਾਬੰਦੀਆਂ ਦੇ ਹੁਕਮ ਜਾਰੀ ਹੋਏ ਹਨ। ਐਡੀਸ਼ਨਲ ਡਿਪਟੀ ਕਮਿਸ਼ਨਰ (ਏ.ਡੀ.ਸੀ.) ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰਦਿਆਂ ਸ਼ਹਿਰ ਵਿੱਚ 2 ਦਿਨ ਦੁਕਾਨਾਂ ਬੰਦ ਰੱਖਣ ਲਈ ਕਿਹਾ ਹੈ।ਅੰਮ੍ਰਿਤਸਰ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਨਿਕਲਣ ਵਾਲੇ 2 ਦਿਨਾਂ ਨਗਰ ਕੀਰਤਨ ਦੇ ਮੱਦੇਨਜ਼ਰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। 20 ਅਤੇ 21 ਨਵੰਬਰ ਨੂੰ ਨਗਰ ਕੀਰਤਨ ਦੇ ਰਸਤੇ ‘ਤੇ ਸ਼ਰਾਬ, ਅਹਾਤੇ, ਪਾਨ-ਬੀੜੀ, ਤੰਬਾਕੂ-ਸਿਗਰੇਟ ਅਤੇ ਅੰਡੇ, ਮੀਟ ਤੇ ਮੱਛੀ ਵੇਚਣ ਵਾਲੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ।ਨਗਰ ਕੀਰਤਨ ਦਾ ਰੂਟਪੰਜਾਬ ਸਰਕਾਰ ਵੱਲੋਂ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ੇਸ਼ ਨਗਰ-ਕੀਰਤਨ ਕੱਢਿਆ ਜਾਵੇਗਾ। ਇਹ ਅੰਮ੍ਰਿਤਸਰ ਵਿੱਚ ਮਹਿਤਾ ਚੌਕ ਤੋਂ ਅੰਮ੍ਰਿਤਸਰ ਵਿੱਚ ਦਾਖਲ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ, ਰਹਿਆ, ਜੰਡਿਆਲਾ ਗੁਰੂ, ਗੋਲਡਨ ਗੇਟ, ਰਾਮ ਤਲਾਈ ਚੌਕ, ਘੀ ਮੰਡੀ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਹੁੰਦੇ ਹੋਏ ਡੇਰਾ ਬਾਬਾ ਭੂਰੀ ਵਾਲੇ ਤੱਕ ਪਹੁੰਚੇਗਾ।21 ਨਵੰਬਰ ਨੂੰ ਸ਼ੋਭਾ ਯਾਤਰਾ ਦੁਬਾਰਾ ਡੇਰਾ ਬਾਬਾ ਭੂਰੀ ਵਾਲੇ ਤੋਂ ਸ਼ੁਰੂ ਹੋ ਕੇ ਸ੍ਰੀ ਸ਼ਹੀਦ ਗੰਜ ਸਾਹਿਬ, ਗਿਲਵਾਲੀ ਗੇਟ, ਹਕੀਮਾ ਗੇਟ, ਖਜ਼ਾਨਾ ਗੇਟ, ਝਬਾਲ ਰੋਡ ਅਤੇ ਗੁਰਦੁਆਰਾ ਬੀਰ ਬਾਬਾ ਬੁੱਢਾ ਸਾਹਿਬ ਦੇ ਰਸਤੇ ਅੱਗੇ ਵਧੇਗੀ।ਧਾਰਮਿਕ ਮਰਯਾਦਾ ਨੂੰ ਬਣਾਈ ਰੱਖਣ ਦਾ ਕਦਮਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਨਗਰ-ਕੀਰਤਨ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਦੋਵੇਂ ਦਿਨ ਇਸ ਮਾਰਗ ਉੱਤੇ ਸਥਿਤ ਸਾਰੀਆਂ ਸ਼ਰਾਬ, ਤੰਬਾਕੂ ਅਤੇ ਮਾਸਾਹਾਰੀ ਦੁਕਾਨਾਂ ਉੱਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਨ੍ਹਾਂ 2 ਦਿਨਾਂ ਵਿੱਚ ਜੇਕਰ ਕੋਈ ਦੁਕਾਨਦਾਰ ਪਾਬੰਦੀਆਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਕੇ ਸ਼ਾਂਤੀਪੂਰਨ ਅਤੇ ਸ਼ਰਧਾਪੂਰਨ ਮਾਹੌਲ ਬਣਾਏ ਰੱਖਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ।