ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ’ਚ ਅੱਜ ਆਯੋਜਿਤ ਕੀਤਾ ਜਾਵੇਗਾ ਲਾਈਟ ਐਂਡ ਸਾਊਂਡ ਸ਼ੋਅ

ਬਠਿੰਡਾ : ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਅੱਜ ਯਾਨੀ 17 ਨਵੰਬਰ 2025 ਨੂੰ ਆਯੋਜਿਤ ਕੀਤੇ ਜਾ ਰਹੇ ਲਾਈਟ ਐਂਡ ਸਾਊਂਡ ਸ਼ੋਅ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਨੇ ਸਾਰੇ ਮਾਰਗਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਰੱਖਣ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ।ਲਾਈਟ ਐਂਡ ਸਾਊਂਡ ਸ਼ੋਅ ਸ਼ਾਮ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਰਹੇਗਾ। ਇਸ ਮੌਕੇ ’ਤੇ, ਐਸ.ਐਸ.ਪੀ. ਨੇ ਦੱਸਿਆ ਕਿ ਪ੍ਰੋਗਰਾਮ ਨੂੰ ਦੇਖਦਿਆਂ ਸੰਭਾਵਿਤ ਭੀੜ ਅਤੇ ਵਧੇ ਹੋਏ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਮੁੱਖ ਰਾਹਾਂ ‘ਤੇ ਟ੍ਰੈਫਿਕ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲਾਰਡ ਰਾਮਾ ਸਕੂਲ (ਗੇਟ ਨੰਬਰ 5), ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਟਰੱਕ ਯੂਨੀਅਨ ਬਠਿੰਡਾ, ਮਹਾਵੀਰ ਦਲ ਹਸਪਤਾਲ ਅਤੇ ਪਿੰਡ ਜੈਪਾਲਗੜ੍ਹ ਦੇ ਕੋਲ ਖੇਡ ਸਟੇਡੀਅਮ ਵਿੱਚ ਪਾਰਕਿੰਗ ਦਾ ਪ੍ਰਬੰਧ ਹੋਵੇਗਾ।ਅੱਗੇ ਉਨ੍ਹਾਂ ਦੱਸਿਆ ਕਿ ਭਾਰੀ ਟ੍ਰੈਫਿਕ ਵਾਲੇ ਰਸਤਿਆਂ ਵਿੱਚ ਬੱਸ ਸਟੈਂਡ ਤੋਂ ਇਲਾਵਾ ICICI ਬੈਂਕ ਵਾਲਾ ਚੌਕ ਅਤੇ ਫੌਜੀ ਚੌਕ ਤੋਂ ਬੀਬੀ ਵਾਲਾ ਚੌਕ ਸ਼ਾਮਲ ਹਨ। ਇਸ ਤੋਂ ਇਲਾਵਾ ਟੀ-ਪੁਆਇੰਟ (ਕ੍ਰਿਸ਼ਨਾ ਕੌਂਟੀਨੈਂਟਲ ਦੇ ਕੋਲ) ਤੋਂ ਹਨੂੰਮਾਨ ਚੌਕ ਤੱਕ ਦਾ ਰਾਹ ਗੱਡੀਆਂ ਲਈ ਬੰਦ ਰਹੇਗਾ, ਜੋ ਸਿਰਫ਼ ਪੈਦਲ ਯਾਤਰੀਆਂ ਲਈ ਖੁੱਲ੍ਹਾ ਰਹੇਗਾ। ਇਸੇ ਤਰ੍ਹਾਂ, ਟੀ-ਪੁਆਇੰਟ (ਕਪਿਲਾ ਹਸਪਤਾਲ) ਤੋਂ ਭੱਟੀ ਰੋਡ ਤੱਕ ਸੜਕ ਦਾ ਸਿਰਫ਼ ਇੱਕ ਹਿੱਸਾ ਖੁੱਲ੍ਹਾ ਰਹੇਗਾ। ਉਨ੍ਹਾਂ ਨੇ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਤਜ਼ਾਮਾਂ ਵਿੱਚ ਸਹਿਯੋਗ ਕਰਨ ਅਤੇ ਜੇ ਹੋ ਸਕੇ ਤਾਂ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਨਾਲ ਹੀ ਕਿਸੇ ਵੀ ਐਮਰਜੈਂਸੀ ਜਾਂ ਮਦਦ ਲਈ ਬਠਿੰਡਾ ਪੁਲਿਸ 24×7 ਸੇਵਾ ਵਿੱਚ ਹਾਜ਼ਰ ਹੈ।