ਡਾ. ਬਲਬੀਰ ਸਿੰਘ ਨੇ ਪਿੰਡ ਇੱਛੇਵਾਲ ’ਚ ਨਵੇਂ ਬਣੇ ਪੰਚਾਇਤ ਘਰ ਤੇ ਕਮਿਊਨਿਟੀ ਸੈਂਟਰ ਦੀ ਅਧੁਨਿਕ ਰਸੋਈ ਦਾ ਕੀਤਾ ਉਦਘਾਟਨ

ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਧਾਰਮਿਕ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ 30 ਲੱਖ ਰੁਪਏ ਨਾਲ ਤਿਆਰ ਕੀਤੀ ਗਈ ਨਵੀਂ ਪਾਰਕਿੰਗ ਅਤੇ ਅੰਡਰਗਰਾਊਂਡ ਰੋਹਟੀ ਰਜਵਾਹਾ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਇਹ ਸਹੂਲਤਾਂ ਨਾ ਸਿਰਫ਼ ਗੁਰਦੁਆਰੇ ਵਿੱਚ ਆਉਣ ਵਾਲੀ ਸੰਗਤ ਲਈ ਸੁਵਿਧਾ ਵਧਾਉਣਗੀਆਂ, ਸਗੋਂ ਆਵਾਜਾਈ ਤੇ ਪਾਣੀ ਨਿਕਾਸ ਪ੍ਰਬੰਧ ਨੂੰ ਵੀ ਬਿਹਤਰ ਬਣਾਉਣਗੀਆਂ।ਡਾ. ਬਲਬੀਰ ਸਿੰਘ ਨੇ ਪਿੰਡ ਇੱਛੇਵਾਲ ਵਿੱਚ ਨਵੇਂ ਬਣੇ ਪੰਚਾਇਤ ਘਰ ਅਤੇ ਕਮਿਊਨਿਟੀ ਸੈਂਟਰ ਦੀ ਅਧੁਨਿਕ ਰਸੋਈ ਦਾ ਵੀ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਲੋਕ-ਭਲਾਈ ਲਈ ਬਣਾਏ ਜਾ ਰਹੇ ਇਹ ਸਹੂਲਤੀ ਕੇਂਦਰ ਸਮਾਜਿਕ ਪ੍ਰੋਗਰਾਮਾਂ ਨੂੰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਤਿਆਰ ਕੀਤੇ ਜਾ ਰਹੇ ਹਨ।ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਮੰਤਰੀ ਨੇ 23.03 ਲੱਖ ਰੁਪਏ ਦੀ ਲਾਗਤ ਨਾਲ ਸਿੰਬੜੋ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਲਿੰਕ ਸੜਕ ਦੇ ਨਾਲ ਰੀਟੇਨਿੰਗ ਵਾਲ ਬਣਾਉਣ ਦਾ ਨੀਂਹ ਪੱਥਰ ਰੱਖਿਆ। ਉਹਨਾਂ ਇਸ ਪ੍ਰੋਜੈਕਟ ਨੂੰ ਲੰਬੇ ਸਮੇਂ ਲਈ ਪਿੰਡ ਵਾਸੀਆਂ ਨੂੰ ਆਵਾਜਾਈ, ਖ਼ਾਸ ਤੌਰ ‘ਤੇ ਬਰਸਾਤੀ ਮੌਸਮ ਦੌਰਾਨ, ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਪ੍ਰਦਾਨ ਕਰਨ ਵਾਲਾ ਕਦਮ ਕਿਹਾ।ਪਿੰਡ ਸਿੰਬੜੋ ਵਿੱਚ ਤਿਆਰ ਕੀਤੇ ਨਵੇਂ ਸ਼ਮਸ਼ਾਨ ਘਾਟ ਦੇ ਵੇਟਿੰਗ ਸ਼ੈੱਡ ਦਾ ਉਦਘਾਟਨ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਜਰੂਰਤਾਂ ਨੂੰ ਸਮਝਦਿਆਂ ਧਾਰਮਿਕ ਤੇ ਸਮਾਜਿਕ ਥਾਵਾਂ ਦੀ ਬਿਹਤਰੀ ਲਈ ਵਚਨਬੱਧ ਹੈ।ਗੁਰੂ ਘਰ ਵਿੱਚ ਸੰਗਤ ਨੂੰ ਸੰਬੋਧਨ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਸਮਾਗਮਾਂ ਦੌਰਾਨ ਸਾਫ–ਸਫਾਈ ਬਰਕਰਾਰ ਰੱਖਣ।ਉਹਨਾਂ ਕਿਹਾ, “ਮੈਂ ਗੁਰੂ ਘਰ ਵਿੱਚ ਸੇਵਾ ਨਿਭਾਉਣ ਨੂੰ ਆਪਣਾ ਵੱਡਾ ਭਾਗ ਸਮਝਦਾ ਹਾਂ। ਗੁਰੂ ਦੇ ਦਰ ਤੇ ਆ ਕੇ ਮੈਂ ਵੀ ਆਮ ਸੰਗਤ ਵਾਂਗ ਹੀ ਸੇਵਕ ਹਾਂ। ਲੋਕਾਂ ਦੀ ਭਲਾਈ ਅਤੇ ਗੁਰੂ ਘਰ ਦੀ ਸ਼ਾਨ ਵਧਾਉਣਾ ਸਾਡਾ ਫ਼ਰਜ਼ ਹੈ।”ਸਥਾਨਕ ਸੰਗਤ, ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾ ਨੇ ਮੰਤਰੀ ਜੀ ਦੇ ਇਲਾਕੇ ਲਈ ਕੀਤੇ ਜਾ ਰਹੇ ਵਿਕਾਸਕਾਰੀ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਇਲਾਕੇ ਦੀ ਤਰੱਕੀ ਵਿੱਚ ਨਵੀਂ ਰਫ਼ਤਾਰ ਭਰਨਗੇ।ਇਸ ਮੌਕੇ ਐਸ.ਡੀ.ਐਮ. ਇਸਮਤ ਵਿਜੈ ਸਿੰਘ , ਪਿੰਡਾਂ ਦੇ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।