ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ’ਚ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ 332 ਕਰੋੜ ਰੁਪਏ ਦੀ ਮਹੱਤਵਪੂਰਨ ਕਿਸ਼ਤ ਜਾਰੀ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ 332 ਕਰੋੜ ਰੁਪਏ ਦੀ ਮਹੱਤਵਪੂਰਨ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਕ੍ਰਮ ਵਿੱਚ 334 ਕਰੋੜ ਰੁਪਏ ਦੀ ਅਗਲੀ ਕਿਸ਼ਤ ਦਸੰਬਰ ਦੇ ਅੰਤ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਿਸ਼ਤ ਦੀ ਵਰਤੋਂ ਪਿੰਡਾਂ ‘ਚ ਸੈਨੀਟੇਸ਼ਨ ਬਾਕਸ ਸਥਾਪਤ ਕਰਨ ਸਮੇਤ ਗ੍ਰਾਮ ਪੰਚਾਇਤਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ। 156 ਕਰੋੜ ਰੁਪਏ ਦੀ ਗ੍ਰਾਂਟ ਅਨਟਾਈਡ ਫੰਡਜ਼ ਦੇ ਤੌਰ ‘ਤੇ ਦਿੱਤੀ ਜਾ ਰਹੀ ਹੈ, ਜਿਸਦਾ ਇਸਤੇਮਾਲ ਗ੍ਰਾਮ ਪੰਚਾਇਤਾਂ ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਵਿਕਾਸ ਕੰਮ ਲਈ ਕਰ ਸਕਦੀਆਂ ਹਨ। 176 ਕਰੋੜ ਰੁਪਏ ਟਾਈਡ ਫੰਡਾਂ ਵਜੋਂ ਵਰਤੇ ਜਾਣਗੇ, ਜਿਨ੍ਹਾਂ ਦਾ ਇਸਤੇਮਾਲ ਸਿਰਫ਼ ਪਿੰਡਾਂ ਵਿੱਚ ਸੈਨੀਟੇਸ਼ਨ ਨਾਲ ਜੁੜੇ ਕੰਮਾਂ ਲਈ ਕੀਤਾ ਜਾ ਸਕੇਗਾ।ਸਾਰੀ ਗ੍ਰਾਂਟ ਨੂੰ ਗ੍ਰਾਮ ਪੰਚਾਇਤ, ਪੰਚਾਇਤ ਕਮੇਟੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚ 70:20:10 ਦੇ ਅਨੁਪਾਤ ਵਿੱਚ ਵੰਡਿਆ ਜਾਵੇਗਾ। ਪੇਂਡੂ ਵਿਕਾਸ ਕਾਰਜਾਂ ਲਈ 22 ਜ਼ਿਲ੍ਹਿਆਂ ਵਿੱਚ ਕੁੱਲ 3,329,750,900 ਰੁਪਏ (ਜਿਸ ਵਿੱਚ 1,766,319,970 ਰੁਪਏ ਦੇ ਕੁੱਲ ਟਾਈਡ ਫੰਡ ਅਤੇ 1,563,430,930 ਰੁਪਏ ਦੇ ਕੁੱਲ ਅਨਟਾਈਡ ਫੰਡ ਸ਼ਾਮਲ ਹਨ) ਅਲਾਟ ਕੀਤੇ ਗਏ ਹਨ। ਸਭ ਤੋਂ ਵੱਧ ਅਲਾਟਮੈਂਟ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਲੁਧਿਆਣਾ (200,143,127 ਰੁਪਏ ਟਾਈਡ ਫੰਡ; 133,905,292 ਰੁਪਏ ਅਨਟਾਈਡ ਫੰਡ), ਹੁਸ਼ਿਆਰਪੁਰ (170,847,451 ਰੁਪਏ ਟਾਈਡ ਫੰਡ; 114,305,089 ਰੁਪਏ ਅਨਟਾਈਡ ਫੰਡ) ਅਤੇ ਗੁਰਦਾਸਪੁਰ (165,563,924 ਰੁਪਏ ਟਾਈਡ ਫੰਡ; 110,770,166 ਰੁਪਏ ਅਨਟਾਈਡ ਫੰਡ) ਹਨ। ਇਹਨਾਂ ਤੋਂ ਇਲਾਵਾ ਵਿਕਾਸ ਗ੍ਰਾਂਟ ਪ੍ਰਾਪਤ ਕਰਨ ਵਾਲੇ ਹੋਰ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਸੰਗਰੂਰ, ਪਟਿਆਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਸ਼ਾਮਲ ਹਨ।
SikhDiary