ਪੰਜਾਬ ਦੇ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਗੁਰਦਾਸਪੁਰ : ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਅੱਜ, ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਸਕੂਲਾਂ ਅਤੇ ਪਠਾਨਕੋਟ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਪ੍ਰਸ਼ਾਸ਼ਨ ਵਿੱਚ ਹੜਕੰਪ ਮਚ ਗਿਆ। ਇਹ ਧਮਕੀ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੂੰ ਇੱਕ ਈਮੇਲ ਰਾਹੀਂ ਭੇਜੀ ਗਈ ਸੀ।ਇਸ ਈਮੇਲ ਵਿੱਚ ਦੁਪਹਿਰ 1 ਵਜੇ ਤੱਕ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ। ਧਮਕੀ ਵਿੱਚ ਜਿਨ੍ਹਾਂ ਸਕੂਲਾਂ ਦਾ ਨਾਮ ਲਿਆ ਗਿਆ ਹੈ, ਉਨ੍ਹਾਂ ਵਿੱਚ ਕਲਾਨੌਰ ਰੋਡ ਸਥਿਤ ਜੀਆ ਲਾਲ ਮਿੱਤਲ ਸਕੂਲ, ਬਹਿਰਾਮਪੁਰ ਰੋਡ ਸਥਿਤ ਗੁਰਦਾਸਪੁਰ ਪਬਲਿਕ ਸਕੂਲ, ਤਿਬੜੀ ਚੌਕ ਸਥਿਤ ਟ੍ਰਿਨਿਟੀ ਪਬਲਿਕ ਸਕੂਲ ਅਤੇ ਜਵਾਹਰ ਨਵੋਦਿਆ ਸਕੂਲ ਸ਼ਾਮਲ ਹਨ। ਇਸ ਤੋਂ ਇਲਾਵਾ ਪਠਾਨਕੋਟ ਦੇ ਇੱਕ ਪ੍ਰਾਈਵੇਟ ਸਕੂਲ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ।ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਸਕੂਲਾਂ ਨੂੰ ਤੁਰੰਤ ਬੰਦ ਘੋਸ਼ਿਤ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ। ਪੁਲਿਸ ਅਤੇ ਪ੍ਰਸ਼ਾਸਨ ਨੇ ਤੁਰੰਤ ਜਵਾਬ ਦਿੱਤਾ। ਬੰਬ ਸਕੁਐਡ ਸਕੂਲ ਦੇ ਕੰਪਲੈਕਸਾਂ ਦੀ ਜਾਂਚ ਕਰ ਰਹੇ ਹਨ, ਜਦੋਂ ਕਿ ਈਮੇਲ ਦੀ ਜਾਂਚ ਕਰਕੇ ਧਮਕੀ ਭੇਜਣ ਵਾਲੇ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤਾ ਗਿਆ ਹੈ।ਪੁਲਿਸ ਸਕੂਲਾਂ ਵਿੱਚ ਕਰ ਰਹੀ ਹੈ ਜਾਂਚ ਨਵੰਬਰ 2025 ਤੋਂ, ਪੰਜਾਬ ਦੇ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਵਾਰ-ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਦਰਜਨਾਂ ਧਮਕੀ ਭਰੇ ਈਮੇਲ ਅਤੇ ਸੁਨੇਹੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ। ਇਨ੍ਹਾਂ ਧਮਕੀਆਂ ਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ, ਜਲੰਧਰ, ਮੋਗਾ, ਪਟਿਆਲਾ ਅਤੇ ਲੁਧਿਆਣਾ ਦੇ ਸਕੂਲਾਂ ‘ਤੇ ਪਿਆ ਹੈ। ਗੁਰਦਾਸਪੁਰ ਅਤੇ ਮੁਕਤਸਰ ਸਾਹਿਬ ਦੇ ਡੀਸੀ ਦਫ਼ਤਰਾਂ ਨੂੰ ਵੀ ਇਸੇ ਤਰ੍ਹਾਂ ਦੇ ਸੁਨੇਹੇ ਮਿਲੇ ਹਨ।
SikhDiary