ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਚੌਲਾਂ ਦੇ ਸ਼ੈਲਰ ਮਿੱਲ ’ਚ ਲੱਗੀ ਭਿਆਨਕ ਅੱਗ

ਕਪੂਰਥਲਾ : ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਇੱਕ ਚੌਲਾਂ ਦੇ ਸ਼ੈਲਰ ਮਿੱਲ ਵਿੱਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ ਨੂੰ ਲੈਕੇ ਲੋਕਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਲੋਕਾਂ ਨੇ ਘਟਨਾ ਦੀ ਸੂਚਨਾ ਫਾਇਰ ਵਿਭਾਗ ਨੂੰ ਦਿੱਤੀ। ਫਾਇਰ ਵਿਭਾਗ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਉੱਤੇ ਪਹੁੰਚੇ। ਅੱਗ ’ਤੇ ਕਾਬੂ ਪਾਉਣ ਦੇ ਲਈ 2 ਫਾਇਰ ਵਿਭਾਗ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ।ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਨੂੰ ਫੈਲਣ ਤੋਂ ਰੋਕਣ ਅਤੇ ਸ਼ੈਲਰ ਅਤੇ ਮਸ਼ੀਨਰੀ ਦੇ ਹੋਰ ਹਿੱਸਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੁਰੱਖਿਅਤ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਸੁਲਤਾਨਪੁਰ ਰੋਡ ‘ਤੇ ਪ੍ਰਕਾਸ਼ ਚੰਦ ਕਰੋੜੀ ਮੱਲ ਦੇ ਸ਼ੈਲਰ ਵਿੱਚ ਵਾਪਰੀ। ਸਵੇਰੇ ਡ੍ਰਾਇਅਰ ਵਿੱਚ ਚੌਲ ਸੁਕਾਏ ਜਾ ਰਹੇ ਸਨ ਕਿ ਅਚਾਨਕ ਅੱਗ ਭੜਕ ਉੱਠੀ।ਅੱਗ ਨੇ ਕੁਝ ਮਿੰਟਾਂ ਵਿੱਚ ਹੀ ਨੇੜਲੀਆਂ ਝੋਨੇ ਦੀਆਂ ਬੋਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਿੱਲ ਮਾਲਕ ਦੇ ਅਨੁਸਾਰ, ਇਸ ਹਾਦਸੇ ਵਿੱਚ ਵੱਡੀ ਮਾਤਰਾ ਵਿੱਚ ਝੋਨਾ ਸੜ ਗਿਆ, ਜਿਸ ਕਾਰਨ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਅੱਗ ਲੱਗਣ ਦਾ ਕਾਰਨ ਫਿਲਹਾਲ ਅਣਜਾਣ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਝੋਨਾ ਰੱਖਣ ਵਾਲੇ ਡ੍ਰਾਇਅਰ ਵਿੱਚ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਡ੍ਰਾਇਅਰ ਦੇ ਕੋਲ ਸਟੋਰ ਕੀਤੀਆਂ ਲਗਭਗ 800 ਝੋਨੇ ਦੀ ਬੋਰੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਅਤੇ ਕੁਝ ਹੀ ਸਮੇਂ ਵਿੱਚ ਸੜ ਕੇ ਸੁਆਹ ਹੋ ਗਈਆਂ।