ਪੰਜਾਬ ’ਚ ਅਗਲੇ ਤਿੰਨ ਦਿਨਾਂ ਲਈ ਸ਼ੀਤ ਲਹਿਰ ਤੇ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ
ਚੰਡੀਗੜ੍ਹ : ਪੰਜਾਬ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਮਾਰ ਝੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਸੂਬੇ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਰੀਦਕੋਟ 5.5 ਡਿਗਰੀ ਦੇ ਨਾਲ ਸਭ ਤੋਂ ਠੰਢਾ ਜ਼ਿਲ੍ਹਾਂ ਰਿਹਾ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ, ਫਰੀਦਕੋਟ ਵਿੱਚ 30 ਮੀਟਰ, ਲੁਧਿਆਣਾ ਵਿੱਚ 500 ਮੀਟਰ ਅਤੇ ਪਟਿਆਲਾ ਵਿੱਚ 800 ਮੀਟਰ ਰਹੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ।ਪਹਾੜਾਂ ਤੋਂ ਠੰਢੀਆਂ ਹਵਾਵਾਂ ਵਗਣਾ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਪੰਜਾਬ ਵਿੱਚ ਤਾਪਮਾਨ ਹੋਰ ਘੱਟ ਜਾਵੇਗਾ ਅਤੇ ਸ਼ੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਹਾਲ ਹੀ ਵਿਚ ਪਏ ਮੀਂਹ ਨੇ ਮੌਸਮ ਨੂੰ ਸਾਫ਼ ਕਰ ਦਿੱਤਾ ਹੈ।ਪੰਜਾਬ ਦੇ ਇਨ੍ਹਾਂ ਸ਼ਹਿਰਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ. ਨਗਰ (ਮੁਹਾਲੀ) ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਪਵੇਗੀ।ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਵਿੱਚ ਸ਼ੀਤ ਲਹਿਰ ਦੀ ਸਥਿਤੀ ਬਣੀ ਰਹੇਗੀ। ਮੌਸਮ ਖੁਸ਼ਕ ਰਹੇਗਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੋਂ 18 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ।
SikhDiary