ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਰੂਪ ਰੇਖਾ ਉਲੀਕਣ ਲਈ ਮੀਟਿੰਗ

ਪਟਿਆਲਾ :  ਪਟਿਆਲਾ ਵਿਖੇ ਹਰ ਵਰ੍ਹੇ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਬਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹੋਈ ਇੱਕ ਬੈਠਕ ਦੌਰਾਨ ਨੋਡਲ ਅਧਿਕਾਰੀਆਂ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ, ਏਅਰੋ ਮਾਡਲਿੰਗ, ਸ਼ਾਸਤਰੀ ਸੰਗੀਤ, ਕਵੀ ਦਰਬਾਰ, ਫੂਡ ਐਂਡ ਫਲਾਵਰ ਸ਼ੋਅ, ਹੈਰੀਟੇਜ ਵਾਕ, ਡਾਗ ਸ਼ੋਅ, ਪੌਪ ਸ਼ੋਅ ਤੇ ਪੰਜਾਬ ਸਖੀ ਸ਼ਕਤੀ ਤੇ ਕਰਾਫ਼ਟ ਮੇਲੇ ਲਈ ਜਿੰਮੇਵਾਰੀਆਂ ਸੌਂਪੀਆਂ ਗਈਆਂ।ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਫਰਵਰੀ ਮਹੀਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਨੇਇਸ ਫੈਸਟੀਵਲ ਦੇ ਸਾਰੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾਣ ਦੀਆਂ ਹਦਾਇਤਾਂ ਕਰਦਿਆਂ ਕਿਹਾ ਕਿ ਸਾਰੇ ਨੋਡਲ ਅਧਿਕਾਰੀ ਹੈਰੀਟੇਜ ਫੈਸਟੀਵਲ ਦੀ ਬਰੀਕੀ ਨਾਲ ਯੋਜਨਾਬੰਦੀ ਕਰਨ।ਇਸ ਮੀਟਿੰਗ ‘ਚ ਏ.ਡੀ.ਸੀ (ਜ) ਸਿਮਰਪ੍ਰੀਤ ਕੌਰ, ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ, ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ, ਐਸ.ਡੀ.ਐਮ. ਨਾਭਾ ਕੰਨੂ ਗਰਗ, ਐਸ.ਡੀ.ਐਮ ਰਾਜਪੁਰਾ ਨਮਨ ਮਾਰਕੰਨ, ਐਸ.ਡੀ.ਐਮ ਸਮਾਣਾ ਰਿਚਾ ਗੋਇਲ, ਐਨ.ਜੈਡ.ਸੀ.ਸੀ ਤੋਂ ਰਵਿੰਦਰ ਸ਼ਰਮਾ, ਕੈਪਟਨ ਹਰਪ੍ਰੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ‘ਚ ਵੱਡੀ ਗਿਣਤੀ ਦਰਸ਼ਕ ਪੁੱਜਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੇ ਰਾਹੀਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਮੇਲੇ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਦੇ ਅਖੀਰ ‘ਚ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਮੇਲੇ ਅਤੇ ਕਰਾਫ਼ਟ ਮੇਲੇ ਤੱਕ ਚੱਲਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤਫਰਵਰੀ ਮਹੀਨੇ ਦੇ ਦੂਜੇ ਹਫ਼ਤੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਨਾਲ ਹੋ ਜਾਵੇਗੀ।