ਪੰਜਾਬ ’ਚ ਨੌਕਰੀਆਂ, ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮੋਹਾਲੀ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਜਲਦ ਸ਼ੁਰੂ ਹੋਣਗੀਆਂ: ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਇਥੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਦੇਸ਼ੀ ਕਾਰਜਾਂ ਦਾ ਵਿਸਤਾਰ ਕਰਨ ਨਾਲ ਪੂਰੇ ਖਿੱਤੇ ਵਿੱਚ ਆਰਥਿਕ ਗਤੀਵਿਧੀਆਂ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।ਮੁੱਖ ਮੰਤਰੀ ਨੇ ਇਹ ਟਿੱਪਣੀਆਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਐਚ.ਆਈ.ਏ.ਐਲ.) ਵੱਲੋਂ ਪੰਜਾਬ ਸਰਕਾਰ ਨੂੰ 19 ਕਰੋੜ ਰੁਪਏ ਦਾ ਅੰਤਰਿਮ ਲਾਭ ਅੰਸ਼ ਸੌਂਪਣ ਸਮੇਂ ਕੀਤੀਆਂ, ਜਿਸ ਨੂੰ ਉਨ੍ਹਾਂ ਨੇ ਹਵਾਈ ਅੱਡੇ ਦੇ ਟਿਕਾਊ ਵਿਕਾਸ ਅਤੇ ਕੇਂਦਰ-ਪੰਜਾਬ ਦੀ ਮਜ਼ਬੂਤ ਭਾਈਵਾਲੀ ਦਾ ਪ੍ਰਮਾਣ ਦੱਸਿਆ। ਉਨ੍ਹਾਂ ਕਿਹਾ ਕਿ ਮੋਹਾਲੀ ਤੋਂ ਮਜ਼ਬੂਤ ਆਲਮੀ ਹਵਾਈ ਸੰਪਰਕ ਉੱਦਮੀਆਂ ਅਤੇ ਵਪਾਰੀਆਂ ਲਈ ਪਹੁੰਚ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰੇਗਾ ਅਤੇ ਪੰਜਾਬ ਨੂੰ ਅੰਤਰਰਾਸ਼ਟਰੀ ਕਾਰੋਬਾਰ ਅਤੇ ਸੈਰ-ਸਪਾਟੇ ਲਈ ਪਸੰਸਦੀਦਾ ਸਥਾਨ ਵਜੋਂ ਸਥਾਪਤ ਕਰੇਗਾ।ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਐਚ.ਆਈ.ਏ.ਐਲ.) ਦੇ ਅਧਿਕਾਰੀਆਂ, ਜਿਨ੍ਹਾਂ ਨੇ ਮੁੱਖ ਮੰਤਰੀ ਨੂੰ 19 ਕਰੋੜ ਰੁਪਏ ਦਾ ਅੰਤਰਿਮ ਲਾਭਅੰਸ਼ ਚੈੱਕ ਭੇਟ ਕੀਤਾ, ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਰੰਤਰ ਵਿਕਾਸ ਕੇਂਦਰ ਅਤੇ ਪੰਜਾਬ ਸਰਕਾਰਾਂ ਵਿਚਕਾਰ ਮਜ਼ਬੂਤ ਭਾਈਵਾਲੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੋਹਾਲੀ ਤੋਂ ਅੰਤਰਰਾਸ਼ਟਰੀ ਕਾਰਜਾਂ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ ਤਾਂ ਜੋ ਸੂਬੇ ਨੂੰ ਵਿਸ਼ਵ ਦੇ ਵੱਖ-ਵੱਖ ਸਥਾਨਾਂ ਨਾਲ ਜੋੜਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਹ ਖਿੱਤੇ ਅਤੇ ਵਿਸ਼ਵ ਦੇ ਉੱਦਮੀਆਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸੂਬੇ ‘ਚ ਸੁਖਾਲੀ ਆਵਾਜਾਈ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਖੇਤਰ ਵਿੱਚ ਵਪਾਰ, ਵਣਜ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਤੋਂ ਹੋਰ ਉਡਾਣਾਂ ਸ਼ੁਰੂ ਕਰਨ ਨਾਲ ਖਿੱਤੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਨਾਲ ਹੀ ਇਹ ਕਦਮ ਦੁਨੀਆ ਭਰ ਦੇ ਮੋਹਰੀ ਉੱਦਮੀਆਂ ਨੂੰ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਲਈ ਆਕਰਸ਼ਿਤ ਕਰੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਵਧੇਰੇ ਅਹਿਮ ਸਾਬਤ ਹੋਣ ਦੇ ਨਾਲ-ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪ੍ਰਦਰਸ਼ਿਤ ਕਰੇਗਾ।ਇਸ ਦੌਰਾਨ ਸੀ.ਐਚ.ਆਈ.ਏ.ਐਲ. ਮੈਨੇਜਮੈਂਟ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਦੇ ਮਾਰਗਦਰਸ਼ਨ, ਸਮਰਥਨ ਅਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ, ਜਿਸ ਕਰਕੇ ਹਵਾਈ ਅੱਡੇ ਦੇ ਵਿਕਾਸ ਅਤੇ ਆਪ੍ਰੇਸ਼ਨਲ ਗਤੀਵਿਧੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਹੈ। ਲਾਭਅੰਸ਼ ਦਾ ਇਹ ਚੈਕ ਸੌਂਪਣਾ ਸੀ.ਐਚ.ਆਈ.ਏ.ਐਲ. ਦੀ ਮਜ਼ਬੂਤ ਵਿੱਤੀ ਸਥਿਤੀ ਅਤੇ ਹਿੱਸੇਦਾਰਾਂ ਦਰਮਿਆਨ ਬਿਹਤਰ ਸਹਿਯੋਗ ਨੂੰ ਦਰਸਾਉਂਦਾ ਹੈ, ਜੋ ਵਾਧੂ ਅੰਤਰਰਾਸ਼ਟਰੀ ਰੂਟਾਂ ਸਮੇਤ ਭਵਿੱਖ ਦੇ ਵਿਸਥਾਰ ਲਈ ਰਾਹ ਪੱਧਰਾ ਕਰਦਾ ਹੈ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2025-26 ਲਈ ਲਾਭਅੰਸ਼ ਸੀਐਚਆਈਏਐਲ ਬੋਰਡ ਦੁਆਰਾ 12 ਦਸੰਬਰ, 2025 ਨੂੰ ਐਲਾਨਿਆ ਗਿਆ ਸੀ।
SikhDiary