ਪੀ.ਐਸ.ਈ.ਬੀ. ਨੇ ਮਾਰਚ 2026 ’ਚ ਹੋਣ ਵਾਲੀਆਂ 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਕੀਤੀ ਜਾਰੀ

ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਫਰਵਰੀ/ਮਾਰਚ 2026 ਵਿੱਚ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੇ ਲਈ ਪ੍ਰੈਕਟੀਕਲ ਅਤੇ ਲਿਖਤੀ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।ਬੋਰਡ ਨੇ ਇਸ ਸਾਲ 8ਵੀਂ, 10ਵੀਂ ਅਤੇ 12ਵੀਂ ਕਲਾਸ ਪ੍ਰੈਕਟੀਕਲ ਪ੍ਰੀਖਿਆਵਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਅਤੇ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 02-02-2026 ਤੋਂ 12-02-2026 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਵਿਦਿਆਰਥੀਆਂ ਕੋਲ ਲਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਕਾਫ਼ੀ ਸਮਾਂ ਮਿਲ ਸਕੇ, ਅਤੇ ਅਗਲੀ ਕਲਾਸ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਹੋ ਸਕੇ।ਲਿਖਤੀ ਪ੍ਰੀਖਿਆਵਾਂ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦੇ ਹੋਏ ਬੋਰਡ ਨੇ ਦੱਸਿਆ ਕਿ ਸੈਸ਼ਨ 2025-26 ਲਈ 8ਵੀਂ ਜਮਾਤ ਲਈ ਲਿਖਤੀ ਪ੍ਰੀਖਿਆਵਾਂ 17-02-2026 ਤੋਂ 27-02-2026 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਣਗੀਆਂ, ਜਿਸ ਵਿੱਚ ਲਗਭਗ 2 ਲੱਖ 77 ਹਜ਼ਾਰ ਉਮੀਦਵਾਰ 2300 ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿੱਚ ਸ਼ਾਮਲ ਹੋਣਗੇ।ਇਸੇ ਤਰ੍ਹਾਂ, 10ਵੀਂ ਜਮਾਤ ਲਈ ਲਿਖਤੀ ਪ੍ਰੀਖਿਆਵਾਂ 06-03-2026 ਤੋਂ 01-04-2026 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਣਗੀਆਂ, ਜਿਸ ਵਿੱਚ ਲਗਭਗ 2 ਲੱਖ 84 ਹਜ਼ਾਰ ਉਮੀਦਵਾਰ 2300 ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿੱਚ ਪੇਪਰ ਦੇਣਗੇ।ਇਸ ਤੋਂ ਇਲਾਵਾ, 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 17 ਫਰਵਰੀ, 2026 ਤੋਂ 4 ਅਪ੍ਰੈਲ, 2026 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਣਗੀਆਂ, ਜਿਸ ਵਿੱਚ ਲਗਭਗ 2,200 ਪ੍ਰੀਖਿਆ ਕੇਂਦਰਾਂ ‘ਤੇ ਲਗਭਗ 284,000 ਉਮੀਦਵਾਰ ਪ੍ਰੀਖਿਆ ਦੇਣਗੇ। ਪ੍ਰੀਖਿਆ ਨਿਰਦੇਸ਼, ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਉਪਲਬਧ ਹੈ।