ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਪੰਚਾਇਤ ਨੇ ਚੁੱਕਿਆ ਇਹ ਕਦਮ
ਮਲੋਟ : ਪਿੰਡ ਕਟੋਲਾ ਵਾਲਾ ਦੀ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਦੀ ਮੀਟਿੰਗ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਪਿੰਡ ਦੇ ਨਰੇਗਾ ਭਵਨ ਵਿੱਚ ਹੋਈ। ਮੀਟਿੰਗ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਮਾਸੂਮ ਬੱਚੇ ਦੇ ਕਤਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਬੱਚੇ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਵਿੱਚ ਪੰਜਾਬ ਦੇ ਹੋਰ ਖੇਤਰਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੀਆਂ ਗਈਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਇਹ ਫ਼ੈੈਸਲਾ ਕੀਤਾ ਗਿਆ ਕਿ ਪਿੰਡ ਵਿੱਚ ਰਹਿਣ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਦਾ ਸਥਾਈ ਪਤਾ ਪ੍ਰਾਪਤ ਕੀਤਾ ਜਾਵੇ ਅਤੇ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ।ਇਸ ਤੋਂ ਇਲਾਵਾ ਪਿੰਡ ਵਿੱਚ ਪ੍ਰਵਾਸੀਆਂ ਵੱਲੋਂ ਪਾਈਆਂ ਗਈਆਂ ਵੋਟਾਂ ਨੂੰ ਢੁਕਵੇਂ ਪ੍ਰਬੰਧਾਂ ਰਾਹੀਂ ਰੱਦ ਕੀਤਾ ਜਾਵੇ, ਕਿਉਂਕਿ ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਪ੍ਰਵਾਸੀ ਆਪਣੇ ਪਿਛਲੇ ਤੱਥਾਂ ਨੂੰ ਛੁਪਾ ਕੇ ਇੱਕ ਤੋਂ ਵੱਧ ਥਾਵਾਂ ‘ਤੇ ਆਪਣੀਆਂ ਵੋਟਾਂ ਬਣਵਾਉਂਦੇ ਹਨ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹੁਣ ਤੋਂ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਵੋਟ ਪਾਉਣ ਲਈ ਸਹਿਯੋਗ, ਸਮਰਥਨ ਜਾਂ ਵਕਾਲਤ ਨਹੀਂ ਕਰੇਗਾ। ਇਸ ਮੀਟਿੰਗ ਵਿੱਚ ਪਿੰਡ ਦੀ ਪੰਚਾਇਤ ਤੋਂ ਇਲਾਵਾ ਗੁਰਮੀਤ ਸਿੰਘ ਪ੍ਰਧਾਨ, ਜਸਬੀਰ ਸਿੰਘ ਸੇਵਾਮੁਕਤ ਇੰਸਪੈਕਟਰ, ਬਲਜਿੰਦਰ ਸਿੰਘ, ਮੰਨਾ ਸਿੰਘ, ਧੁਰਮਿਲਾਪ ਸਿੰਘ, ਇੰਦਰਜੀਤ ਸਿੰਘ ਲਾਡੀ, ਅਮਰਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਜੰਟ ਸਿੰਘ, ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ।