ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਕੀਤਾ ਗਿਆ ਐਲਾਨ

ਮਲੋਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਮਲੋਟ ਦੇ ਸਰਵਪੱਖੀ ਵਿਕਾਸ ਲਈ ਬਣਾਏ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ, ਕੈਬਨਿਟ ਮੰਤਰੀ ਅਤੇ ਵਿਧਾਇਕ ਡਾ. ਬਲਜੀਤ ਕੌਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਖ-ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਖਰੀਦ ਸੀਜ਼ਨ ਦੇ ਮੱਦੇਨਜ਼ਰ, ਪੇਂਡੂ ਮੰਡੀਆਂ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਔਲਖ, ਬਾਮ, ਘੱਗਾ, ਭੁੱਲਰੀਆਂ, ਉਡੰਗ, ਫਰਾਕਸਰ, ਸੰਮੇਵਾਲੀ, ਤਾਮਕੋਟ, ਚਿਬਰਾਵਾਂਵਾਲੀ, ਮਹਾਬਧਾਰ, ਸੋਥਾ, ਚੱਕ ਮਦਰਸਾ ਅਤੇ ਰਾਮਗੜ੍ਹ ਚੁਗਾਨ ਵਿੱਚ ਮੰਡੀਆਂ ਵਿੱਚ ਲਗਭਗ 1.71 ਕਰੋੜ ਰੁਪਏ ਦੀ ਲਾਗਤ ਨਾਲ ਸਟੀਲ ਸ਼ੈੱਡ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ, ਥੇੜੀ ਪਿੰਡ ਦੇ ਪੰਚਾਇਤ ਘਰ ਦੇ ਨਵੀਨੀਕਰਨ ਲਈ 20 ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਪਿੰਡ ਨੂੰ ਪੰਚਾਇਤ ਘਰ ਲਈ ਕੁੱਲ 26 ਲੱਖ ਰੁਪਏ ਜਾਰੀ ਹੋ ਜਾਣਗੇ ।ਮਲੋਟ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਲਗਭਗ 10.12 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਲੋਕਾਂ ਦੀ ਵੱਖ-ਵੱਖ ਗਲੀਆਂ ਪੱਕੀਆਂ ਕਰਨ ਦੀ ਚਿਰੋਕਣੀ ਮੰਗ ਨੂੰ ਜਲਦੀ ਪੂਰਾ ਕਰਨ ਲਈ ਇੰਟਰਲਾਕ ਟਾਈਲਾਂ ਵਿਛਾਉਣ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿ ਰਿਆ ਵੀ ਤੇਜ਼ੀ ਨਾਲ ਚੱਲ ਰਹੀ ਹੈ। ਮਲੋਟ ਸ਼ਹਿਰ ਲਈ 2,000 ਸਟਰੀਟ ਲਾਈਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।ਹਲਕੇ ਦੇ ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਤਰਖਾਣ ਵਾਲਾ ਦੇ ਸਰਕਾਰੀ ਸਕੂਲ ਵਿੱਚ ਏ.ਸੀ. ਲਗਾਇਆ ਅਤੇ ਲੋੜਵੰਦਾਂ ਨੂੰ ਵ੍ਹੀਲ ਚੇਅਰਾਂ ਵੀ ਵੰਡੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਰਸ਼ਦੀਪ ਸਿੰਘ ਸਿੱਧੂ ਅਤੇ ਸ਼ਿੰਦਰਪਾਲ ਸਿੰਘ ਦੇ ਨਿੱਜੀ ਸਹਾਇਕ, ਪਿੰਡ ਦੀ ਪੰਚਾਇਤ ਅਤੇ ਸਕੂਲ ਸਟਾਫ਼ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।